ਪਾਣੀ ਦੇ ਛਿੜਕਾਅ ਵਾਲੀਆਂ ਦੋਵੇਂ ਟੈਂਕੀਆਂ ਨਕਾਰਾ, ਧੂੜ ਕਾਰਨ ਸ਼ਾਹ ਲੈਣਾ ਵੀ ਔ੍ਖਾ
ਨਗਰ ਕੌਂਸਲ ਦੀਆਂ ਪਾਣੀ ਦੇ ਛਿੜਕਾਅ ਵਾਲੀਆਂ ਦੋਵੇਂ ਟੈਂਕੀਆਂ ਨਕਾਰਾ, ਧੂੜ ਕਾਰਨ ਲੋਕਾਂ ਦਾ ਜਿਊਣਾ ਹੋਇਆ ਦੁਸ਼ਵਾਰ
Publish Date: Tue, 12 May 2026 03:58 PM (IST)
Updated Date: Tue, 12 May 2026 04:00 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸ਼ਹਿਰ ’ਚ ਚੱਲ ਰਹੇ ਵਿਕਾਸ ਤੇ ਨਿਰਮਾਣ ਕਾਰਜਾਂ ਕਾਰਨ ਉੱਡ ਰਹੀ ਧੂੜ ਨੇ ਜਿੱਥੇ ਆਮ ਲੋਕਾਂ ਦੀਆਂ ਮੁਸ਼ਕਲਾਂ ’ਚ ਵੱਡਾ ਵਾਧਾ ਕਰ ਦਿੱਤਾ ਹੈ ਉਥੇ ਹੀ ਇਹ ਇਹ ਧੂੜ ਨਾ ਤਾਂ ਸਿਆਸੀ ਲੀਡਰਾਂ ’ਤੇ ਪੈ ਰਹੀ ਹੈ ਅਤੇ ਨਾ ਹੀ ਪ੍ਰਸ਼ਾਸ਼ਨਕ ਅਧਿਕਾਰੀਆਂ ’ਤੇ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸੀਵਰੇਜ ਲਾਈਨਾਂ, ਪਾਣੀ ਦੀ ਪਾਈਪ ਲਾਈਨ ਅਤੇ ਹੋਰ ਵਿਕਾਸ ਕਾਰਜਾਂ ਲਈ ਪੁੱਟੀਆਂ ਗਲੀਆਂ ਅਤੇ ਸੜਕਾਂ ਤੋਂ ਦਿਨ ਭਰ ਧੂੜ ਦੇ ਗੁਬਾਰ ਉੱਡ ਰਹੇ ਹਨ। ਵੱਡੀ ਗੱਲ ਇਹ ਹੈ ਕਿ ਨਗਰ ਕੌਂਸਲ ਕੋਲ ਪਾਣੀ ਦੇ ਛਿੜਕਾਅ ਲਈ ਮੌਜੂਦ ਦੋਵੇਂ ਟੈਂਕੀਆਂ ਕਾਫੀ ਸਮੇਂ ਤੋਂ ਨਕਾਰਾ ਪਈਆਂ ਹਨ, ਜਿਸ ਕਾਰਨ ਸਾਰਾ ਦਿਨ ਉਡਦੀ ਧੂੜ ਤੇ ਕਾਬੂ ਕਰਨ ਲਈ ਕੋਈ ਢੰਗ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਰਾਹਗੀਰਾਂ ਨੂੰ ਤੁਰਨਾ ਵੀ ਮੁਸ਼ਕਲ ਹੋ ਰਿਹਾ ਹੈ। ਦੋਪਹੀਆ ਵਾਹਨ ਚਾਲਕਾਂ ਨੂੰ ਧੂੜ ਕਾਰਨ ਅੱਖਾਂ ਅਤੇ ਸਾਹ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉੱਡਦੀ ਧੂੜ ਕਾਰਨ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਦੀ ਸਫਾਈ ਦਿਨ ’ਚ ਕਈ-ਕਈ ਵਾਰ ਕਰਨੀ ਪੈਂਦੀ ਹੈ ਅਤੇ ਨਾਲ ਹੀ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਗਰਮੀ ਦਾ ਮੌਸਮ ਹੋਣ ਅਤੇ ਉਪਰੋਂ ਲਗਾਤਾਰ ਉੱਡਦੀ ਧੂੜ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਦਮਾ ਜਾਂ ਐਲਰਜੀ ਦੇ ਮਰੀਜ਼ਾਂ ਲਈ ਹਾਲਾਤ ਬਹੁਤ ਪਰੇਸ਼ਾਨੀ ਵਾਲੇ ਬਣ ਗਏ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਤੁਰੰਤ ਨਕਾਰਾ ਪਈਆਂ ਟੈਂਕੀਆਂ ਦੀ ਮੁਰੰਮਤ ਕਰਵਾਏ ਜਾਂ ਨਵੀਆਂ ਟੈਂਕੀਆਂ ਦਾ ਪ੍ਰਬੰਧ ਕਰੇ, ਤਾਂ ਜੋ ਨਿਰਮਾਣ ਕਾਰਜਾਂ ਵਾਲੇ ਇਲਾਕਿਆਂ ’ਚ ਨਿਯਮਿਤ ਤੌਰ ’ਤੇ ਪਾਣੀ ਦਾ ਛਿੜਕਾਅ ਕੀਤਾ ਜਾ ਸਕੇ। ਪਾਣੀ ਦੇ ਛਿੜਕਾਅ ਦੀ ਜ਼ਿੰਮੇਦਾਰੀ ਠੇਕੇਦਾਰ ਦੀ ਹੈ : ਈਓ ਉਧਰ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਦਾ ਕਹਿਣਾ ਹੈ ਕਿ ਪਾਣੀ ਦੇ ਛਿੜਕਾਓ ਲਈ ਨਵੀਂ ਟੈਂਕੀ ਖਰੀਦ ਕਰਨ ਲਈ ਐਸਟੀਮੇਟ ਤਿਆਰ ਕੀਤੇ ਗਏ ਹਨ, ਪਰ ਜੇਈ ਦਾ ਤਬਾਦਲਾ ਹੋਣ ਕਾਰਨ ਟੈਂਡਰ ਨਹੀਂ ਲਗਾਏ ਜਾ ਸਕੇ। ਜਿੱਥੋਂ ਤੱਕ ਨਕਾਰਾ ਹੋ ਚੁੱਕੀਆਂ ਟੈਂਕੀਆ ਦਾ ਸਵਾਲ ਹੈ, ਉਨ੍ਹਾਂ ਦੀ ਰਿਪੇਅਰ ਦੇ ਐਸਟੀਮੇਟ ਲੈ ਕੇ ਹਾਲੇ ਉਨ੍ਹਾਂ ਪਾਸ ਕੋਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪ੍ਰਾਜੈਕਟ ਦੇ ਕੰਮ ਚੱਲ ਰਹੇ ਹਨ ਜੋ ਸੀਵਰੇਜ ਬੋਰਡ ਦੇ ਅਧੀਨ ਹਨ ਅਤੇ ਠੇਕੇਦਾਰ ਵੱਲੋਂ ਪਾਇਪ ਪਾ ਕੇ ਸੜਕ ਦੀ ਰਿਪੇਅਰ ਕਰਕੇ ਦੇਣਾ ਐਸਟੀਮੇਟ ਵਿਚ ਸ਼ਾਮਿਲ ਹੈ, ਜਿਸਨੂੰ ਨਾ ਤਾਂ ਸੀਵਰੇਜ ਬੋਰਡ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਸੰਬੰਧਤ ਠੇਕੇਦਾਰ ਵੱਲੋਂ। ਜਿੱਥੋਂ ਤੱਕ ਪਾਣੀ ਦੇ ਛਿੜਕਾਓ ਦਾ ਸੰਬੰਧ ਹੈ, ਜੇਕਰ ਠੇਕੇਦਾਰ ਰਿਪੇਅਰ ਨਹੀਂ ਕਰੇਗਾ ਤਾਂ ਉਸਦਾ ਪਾਣੀ ਤਾਂ ਛਿੜਕਣਾ ਬਣਦਾ ਹੀ ਹੈ।