ਮੋਗਾ ਸ਼ਹਿਰ ’ਚ ਐਤਵਾਰ ਸਵੇਰੇ ਉਸ

ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ, ਪੁਲਿਸ ਨੇ 302 ਧਾਰਾ ਜੋੜ ਕੇ ਜਾਂਚ ਕੀਤੀ ਤੇਜ਼
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਸ਼ਹਿਰ ’ਚ ਐਤਵਾਰ ਸਵੇਰੇ ਉਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਕੋਟਕਪੂਰਾ ਰੇਲਵੇ ਫਲਾਈਓਵਰ ਬ੍ਰਿਜ ਨੇੜੇ ਇਕ ਖ਼ਾਲੀ ਪਲਾਟ ’ਚੋਂ ਇਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਵਿਚ ਬਰਾਮਦ ਹੋਈ। ਇਸ ਦਰਦਨਾਕ ਘਟਨਾਂ ਨੇ ਨਾ ਸਿਰਫ਼ ਪਰਿਵਾਰ ਨੂੰ ਗਹਿਰੇ ਸਦਮੇ ਵਿਚ ਧੱਕ ਦਿੱਤਾ ਸਗੋਂ ਪੂਰੇ ਇਲਾਕੇ ਵਿਚ ਡਰ ਅਤੇ ਚਰਚਾ ਦਾ ਮਾਹੌਲ ਬਣ ਗਿਆ। ਘਟਨਾ ਦੀ ਖ਼ਬਰ ਮਿਲਦੇ ਹੀ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਮੌਕੇ ’ਤੇ ਇਕੱਠੇ ਹੋਣ ਲੱਗ ਪਏ ਅਤੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਪੁਲਿਸ, ਸੀਨੀਅਰ ਅਧਿਕਾਰੀ ਅਤੇ ਫੋਰੈਂਸਿਕ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮਨਦੀਪ ਸਿੰਘ ਉਰਫ਼ ਅਮਨਾ (35) ਵਾਸੀ ਪਿੰਡ ਮਹਿਮੇ ਵਾਲਾ ਮੋਗਾ ਵਜੋਂ ਹੋਈ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਆਪਣੇ ਦੋਸਤ ਜੋ ਕਿ ਕੌਂਸਲਰ ਦੀ ਚੋਣ ਲੜ ਰਹੇ ਹਨ, ਦੇ ਚੋਣ ਪ੍ਰਚਾਰ ਲਈ ਮੋਗਾ ਆਇਆ ਹੋਇਆ ਸੀ। ਦਿਨ ਭਰ ਚੋਣ ਪ੍ਰਚਾਰ ’ਚ ਰੁੱਝੇ ਰਹਿਣ ਤੋਂ ਬਾਅਦ ਉਹ ਸ਼ਾਮ ਕਰੀਬ ਸਾਢੇ ਸੱਤ ਵਜੇ ਆਪਣੇ ਪਿੰਡ ਲਈ ਰਵਾਨਾ ਹੋਇਆ ਸੀ ਪਰ ਰਾਤ ਦੇਰ ਤੱਕ ਘਰ ਨਾ ਪਹੁੰਚਣ ਕਾਰਨ ਪਰਿਵਾਰ ਦੀ ਚਿੰਤਾ ਵਧ ਗਈ। ਪਰਿਵਾਰਿਕ ਮੈਂਬਰਾਂ ਅਨੁਸਾਰ ਜਦੋਂ ਅਮਨਦੀਪ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਫ਼ੋਨ ਵੀ ਬੰਦ ਆ ਰਿ ਸੀ। ਇਸ ਤੋਂ ਬਾਅਦ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣਕਾਰਾਂ ਕੋਲ ਪੁੱਛਗਿੱਛ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਣ ’ਤੇ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਅੱਜ ਸਵੇਰੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਕੋਟਕਪੂਰਾ ਰੇਲਵੇ ਫ਼ਲਾਈਓਵਰ ਨੇੜੇ ਇਕ ਖ਼ਾਲੀ ਪਲਾਟ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੈ। ਜਦੋਂ ਪਰਿਵਾਰਿਕ ਮੈਂਬਰ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲਾਸ਼ ਦੀ ਪਹਿਚਾਣ ਅਮਨਦੀਪ ਸਿੰਘ ਉਰਫ਼ ਅਮਨਾ ਵਜੋਂ ਹੋਈ। ਆਪਣੇ ਘਰ ਦੇ ਨੌਜਵਾਨ ਪੁੱਤਰ ਦੀ ਲਾਸ਼ ਦੇਖ ਕੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਬਹੁਤ ਹੀ ਮਿਲਣਸਾਰ ਅਤੇ ਮਿਹਨਤੀ ਸੁਭਾਉ ਦਾ ਵਿਅਕਤੀ ਸੀ। ਉਹ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੀਆਂ ਬੱਚੀਆਂ ਛੱਡ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ ਸਭ ਕੁੱਝ ਉਜੜ ਗਿਆ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਤੋਂ ਇਲਾਵਾ ਹੋਰ ਕੁੱਝ ਨਹੀਂ ਚਾਹੀਦਾ। ਮ੍ਰਿਤਕ ਦੀ ਪਰਿਵਾਰਿਕ ਮੈਂਬਰ ਮਨਦੀਪ ਕੌਰ ਨੇ ਰੋਂਦਿਆਂ ਕਿਹਾ ਕਿ ਅਮਨਦੀਪ ਘਰ ਦਾ ਇਕੱਲਾ ਸਹਾਰਾ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਅਤੇ ਗਹਿਰਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਪਰਿਵਾਰ ਨੇ ਦਾਅਵਾ ਕੀਤਾ ਕਿ ਇਹ ਕੋਈ ਆਮ ਘਟਨਾ ਨਹੀਂ, ਸਗੋਂ ਇਕ ਗੰਭੀਰ ਸਾਜ਼ਿਸ਼ ਵੀ ਹੋ ਸਕਦੀ ਹੈ, ਜਿਸ ਦੀ ਹਰ ਪੱਖ ਤੋਂ ਜਾਂਚ ਹੋਣੀ ਚਾਹੀਦੀ ਹੈ। ਉਧਰ ਡੀਐੱਸਪੀ ਜਤਿੰਦਰ ਸਿੰਘ ਅਤੇ ਐੱਸਐੱਚਓ ਗੁਰਵਿੰਦਰ ਸਿੰਘ ਭੁੱਲਰ ਵੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਪਹਿਲਾਂ ਹੀ ਨੌਜਵਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਅਤੇ ਪੁਲਿਸ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ। ਹੁਣ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲੇ ’ਚ ਧਾਰਾ 302 ਸ਼ਾਮਲ ਕਰ ਦਿੱਤੀ ਗਈ ਹੈ ਅਤੇ ਜਾਂਚ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਪੁਲਿਸ ਹਰ ਪੱਖ ਨੂੰ ਧਿਆਨ ਵਿਚ ਰੱਖ ਕੇ ਜਾਂਚ ਕਰ ਰਹੀ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ’ਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਸਚਾਈ ਸਾਹਮਣੇ ਲਿਆਂਦੀ ਜਾਵੇਗੀ। ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਮਹਿਮੇ ਵਾਲਾ ਅਤੇ ਮੋਗਾ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਲੋਕਾਂ ਵੱਲੋਂ ਵੀ ਪ੍ਰਸ਼ਾਸਨ ਕੋਲ ਮੰਗ ਕੀਤੀ ਜਾ ਰਹੀ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਤਾਂ ਜੋ ਪਰਿਵਾਰ ਦਾ ਕਾਨੂੰਨ ’ਤੇ ਵਿਸ਼ਵਾਸ ਬਣਿਆ ਰਹੇ।