ਮੁਕਤਸਰ ਰਜਬਾਹੇ ’ਚੋਂ ਲਾਸ਼ ਬਰਾਮਦ
ਮੁਕਤਸਰ ਰਜਬਾਹੇ ’ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Publish Date: Mon, 27 Apr 2026 05:11 PM (IST)
Updated Date: Mon, 27 Apr 2026 05:13 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਕੋਟਕਪੂਰਾ-ਜਲਾਲਾਬਾਦ ਰੋਡ ਬਾਈਪਾਸ ’ਤੇ ਬੱਤਰਾ ਦੇ ਆਰੇ ਨੇੜੇ ਰਜਬਾਹੇ ’ਚ ਸੋਮਵਾਰ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਪੁਲਿਸ ਨੇ ਬਾਬਾ ਸ਼ਨੀਦੇਵ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਚੌਕੀ ਇੰਚਾਰਜ ਏਐੱਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਬੱਤਰਾ ਦੇ ਆਰੇ ਕੋਲ ਕੋਟਕਪੂਰਾ-ਜਲਾਲਾਬਾਦ ਰੋਡ ਬਾਈਪਾਸ ’ਤੇ ਕਰੀਬ 40 ਸਾਲਾ ਇੱਕ ਵਿਅਕਤੀ ਦੀ ਲਾਸ਼ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਟੀਮ ਮੌਕੇ ’ਤੇ ਪਹੁੰਚੀ ਤਾਂ ਲਾਸ਼ ਪਾਣੀ ’ਚ ਤੈਰ ਰਹੀ ਸੀ। ਮ੍ਰਿਤਕ ਨੌਜਵਾਨ ਨੇ ਕਾਲੇ ਰੰਗ ਦਾ ਲੋਅਰ ਅਤੇ ਲਾਲ ਰੰਗ ਦੀ ਸ਼ਰਟ ਪਹਿਨੀ ਹੋਈ ਸੀ ਅਤੇ ਉਹ ਹਿੰਦੂ ਧਰਮ ਨਾਲ ਸਬੰਧਤ ਲੱਗਦਾ ਹੈ। ਲਾਸ਼ ਕਾਫੀ ਫੁੱਲ ਚੁੱਕੀ ਹੈ, ਜਿਸ ਕਾਰਨ ਫਿਲਹਾਲ ਪਛਾਣ ਨਹੀਂ ਹੋ ਸਕੀ। ਸ਼ਨੀਦੇਵ ਸੇਵਾ ਸੋਸਾਇਟੀ ਦੇ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਰਜਬਾਹੇ ਵਿੱਚੋਂ ਬਾਹਰ ਕਢਵਾ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਪੁਲਿਸ ਵੱਲੋਂ 72 ਘੰਟਿਆਂ ਤੱਕ ਲਾਸ਼ ਦੀ ਪਛਾਣ ਲਈ ਅਗਲੀ ਕਾਰਵਾਈ ਕੀਤੀ ਜਾਵੇਗੀ। ਜੇਕਰ ਫਿਰ ਵੀ ਲਾਸ਼ ਦੀ ਪਛਾਣ ਨਾ ਹੋਈ ਤਾਂ ਸੋਸਾਇਟੀ ਦੇ ਸਹਿਯੋਗ ਨਾਲ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।