ਨਹਿਰ ’ਚ ਛਾਲ ਮਾਰਨ ਵਾਲੇ ਪਿਉ-ਪੁੱਤ ’ਚੋਂ ਪੁੱਤ ਲਾਸ਼ ਅਬੋਹਰ ਤੋਂ ਬਰਾਮਦ
ਨਹਿਰ ’ਚ ਛਾਲ ਮਾਰਨ ਵਾਲੇ ਪੁੱਤ ਦੀ ਲਾਸ਼ 24 ਘੰਟਿਆਂ ਬਾਅਦ ਅਬੋਹਰ ਤੋਂ ਬਰਾਮਦ
Publish Date: Thu, 21 May 2026 05:16 PM (IST)
Updated Date: Fri, 22 May 2026 04:07 AM (IST)

ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਬੁੱਧਵਾਰ ਦੀ ਸਵੇਰ ਨੂੰ ਸਰਹਿੰਦ ਫੀਡਰ ਨਹਿਰ ’ਚ ਛਾਲ ਮਾਰਨ ਵਾਲੇ ਪਿਓ-ਪੁੱਤ ਦੀ ਭਾਲ ਵੀਰਵਾਰ ਨੂੰ ਵੀ ਜਾਰੀ ਰਹੀ। ਇਸ ਦੌਰਾਨ ਅਬੋਹਰ ਦੇ ਪਿੰਡ ਕਾਲਾ ਟਿੱਬਾ ਨੇੜੇ ਮਲੂਕਪੁਰਾ ਮਾਈਨਰ (ਸੂਏ) ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਇੰਟਰਨੈੱਟ ’ਤੇ ਤਸਵੀਰ ਵਾਇਰਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਪਛਾਣ 25 ਸਾਲਾ ਹਰਤੇਜ ਸਿੰਘ ਵਜੋਂ ਕੀਤੀ। ਲਾਸ਼ ਘਟਨਾ ਵਾਲੀ ਥਾਂ ਤੋਂ ਕਰੀਬ 62 ਕਿਲੋਮੀਟਰ ਦੂਰ ਜਾ ਕੇ ਮਿਲੀ। ਪਰਿਵਾਰ ਵਾਲੇ ਲਾਸ਼ ਲੈਣ ਲਈ ਅਬੋਹਰ ਗਏ ਹਨ। ‘ਨਰ ਸੇਵਾ ਨਾਰਾਇਣ ਸੇਵਾ ਸਮਿਤੀ’ ਦੇ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 10 ਵਜੇ ਇੱਕ ਰਾਹਗੀਰ ਦੀ ਸੂਚਨਾ ’ਤੇ ਟੀਮ ਮੌਕੇ ’ਤੇ ਪਹੁੰਚੀ। ਸੋਨੂ ਗਰੋਵਰ ਅਤੇ ਸੁਭਾਸ਼ ਨੇ ਥਾਣਾ ਸਦਰ ਪੁਲਿਸ ਦੀ ਮੌਜੂਦਗੀ ’ਚ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਅਤੇ ਅਬੋਹਰ ਦੇ ਹਸਪਤਾਲ ਦੀ ਮੋਰਚਰੀ (ਮੁਰਦਾਘਰ) ’ਚ ਰਖਵਾਇਆ। -ਸਬਜ਼ੀ ਦੇ ਨੁਕਸਾਨ ਨੂੰ ਲੈ ਕੇ ਹੋਈ ਸੀ ਤਕਰਾਰ- ਬੁੱਧਵਾਰ ਸਵੇਰੇ ਕਰੀਬ 10 ਵਜੇ ਦਸਮੇਸ਼ ਨਗਰ ਦੇ ਰਹਿਣ ਵਾਲੇ ਹਰਤੇਜ ਸਿੰਘ ਅਤੇ ਉਸਦੇ ਪਿਤਾ ਮੱਖਣ ਸਿੰਘ ਵਿਚਕਾਰ ਸਬਜ਼ੀ ਮੰਡੀ ’ਚ ਖ਼ਰਾਬ ਮਾਲ ਕਾਰਨ ਹੋਏ ਆਰਥਿਕ ਨੁਕਸਾਨ ਨੂੰ ਲੈ ਕੇ ਬਹਿਸ ਹੋਈ ਸੀ। ਦੋਵੇਂ ਥਾਣਾ ਸਿਟੀ ਦੇ ਸਾਹਮਣੇ ਫਲ-ਸਬਜ਼ੀ ਦੀ ਰੇਹੜੀ ਲਗਾਉਂਦੇ ਸਨ। ਮੱਖਣ ਸਿੰਘ ਦੇ ਭਰਾ ਕੁਲਦੀਪ ਸਿੰਘ ਅਨੁਸਾਰ, ਜ਼ਿਆਦਾ ਮਾਲ ਖਰੀਦਣ ਕਾਰਨ ਨੁਕਸਾਨ ਹੋ ਗਿਆ ਸੀ। ਪਿਤਾ ਦੀ ਡਾਂਟ ਤੋਂ ਨਾਰਾਜ਼ ਹੋ ਕੇ ਹਰਤੇਜ ਘਰੋਂ ਨਿਕਲ ਗਿਆ ਅਤੇ ਕੋਟਕਪੂਰਾ ਰੋਡ ਪਿੰਡ ਝਬੇਲਵਾਲੀ ਨੇੜੇ ਸਥਿਤ ਸਰਹਿੰਦ ਫੀਡਰ ਨਹਿਰ ’ਚ ਛਾਲ ਮਾਰ ਦਿੱਤੀ। ਪੁੱਤਰ ਨੂੰ ਡੁੱਬਦਾ ਦੇਖ ਕੇ ਪਿਤਾ ਮੱਖਣ ਸਿੰਘ ਵੀ ਉਸਨੂੰ ਬਚਾਉਣ ਲਈ ਨਹਿਰ ’ਚ ਕੁੱਦ ਪਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਲਾਪਤਾ ਹੋ ਗਏ। -8 ਮਹੀਨਿਆਂ ਦੇ ਪੁੱਤਰ ਨੂੰ ਛੱਡ ਗਿਆ ਹਰਤੇਜ- ਹਰਤੇਜ ਸ਼ਾਦੀਸ਼ੁਦਾ ਸੀ ਅਤੇ ਉਸਦਾ ਇੱਕ 8 ਮਹੀਨਿਆਂ ਦਾ ਪੁੱਤਰ ਹੈ। ਇਸ ਘਟਨਾ ਤੋਂ ਬਾਅਦ ਐਨਡੀਆਰਐਫ ਦੀਆਂ ਟੀਮਾਂ ਵੀਰਵਾਰ ਸਵੇਰ ਤੋਂ ਹੀ ਨਹਿਰ ’ਚ ਸਰਚ ਆਪ੍ਰੇਸ਼ਨ ਚਲਾ ਰਹੀਆਂ ਹਨ। ਫਿਲਹਾਲ ਮੱਖਣ ਸਿੰਘ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਅਤੇ ਐਨਡੀਆਰਐਫ ਦੀ ਮੁਹਿੰਮ ਲਗਾਤਾਰ ਜਾਰੀ ਹੈ।