ਨੀਲੇ ਕਾਰਡ ਧਾਰਕਾਂ ਨੂੰ ਹਰ ਮਹੀਨੇ ਕਣਕ ਸਮੇਤ ਮਿਲੇਗੀ ਫੂਡ ਕਿੱਟ : ਕੈਬਨਿਟ ਮੰਤਰੀ ਖੁੱਡੀਆਂ
ਨੀਲੇ ਕਾਰਡ ਧਾਰਕਾਂ ਨੂੰ ਹਰ ਮਹੀਨੇ ਕਣਕ ਸਮੇਤ ਮਿਲੇਗੀ ਫੂਡ ਕਿੱਟ : ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ
Publish Date: Tue, 24 Feb 2026 05:39 PM (IST)
Updated Date: Tue, 24 Feb 2026 05:40 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ “ਮੇਰੀ ਰਸੋਈ” ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਹਰ ਮਹੀਨੇ ਕਣਕ ਸਮੇਤ ਫੂਡ ਕਿੱਟ ਪ੍ਰਦਾਨ ਕੀਤੀ ਜਾਵੇਗੀ। ਇਸ ਉਪਰਾਲੇ ਦਾ ਮਕਸਦ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰੋਜ਼ਾਨਾ ਦੀ ਲੋੜੀਂਦੀ ਪੋਸ਼ਟਿਕ ਸਮੱਗਰੀ ਦੀ ਸੁਵਿਧਾ ਪ੍ਰਦਾਨ ਕਰਨਾ ਹੈ। ਸ. ਖੁੱਡੀਆਂ ਨੇ ਦੱਸਿਆ ਕਿ ਫੂਡ ਕਿੱਟ ’ਚ ਕਣਕ ਦੇ ਨਾਲ-ਨਾਲ ਹੋਰ ਜ਼ਰੂਰੀ ਰਾਸ਼ਨ ਸਮੱਗਰੀ ਵੀ ਸ਼ਾਮਲ ਕੀਤੀ ਜਾਵੇਗੀ, ਜਿਸ ਵਿੱਚ 2 ਕਿਲੋ ਮਾਹ ਛੋਲਿਆਂ ਦੀ ਦਾਲ, 2 ਕਿਲੋ ਚੀਨੀ, 1 ਕਿਲੋ ਨਮਕ, 200 ਗ੍ਰਾਮ ਹਲਦੀ ਅਤੇ 1 ਲੀਟਰ ਸਰ੍ਹੋਂ ਦਾ ਤੇਲ ਹੋਵੇਗਾ ਤਾਂ ਜੋ ਪਰਿਵਾਰਾਂ ਨੂੰ ਪੂਰਾ ਪੋਸ਼ਣ ਮਿਲ ਸਕੇ। ਉਨ੍ਹਾਂ ਕਿਹਾ ਕਿ “ਮੇਰੀ ਰਸੋਈ” ਸਕੀਮ ਨਾਲ 40 ਲੱਖ ਪਰਿਵਾਰਾਂ ਦੇ ਘਰੇਲੂ ਖਰਚੇ ਨੂੰ ਵੱਡੀ ਰਾਹਤ ਮਿਲੇਗੀ। ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਸਕੀਮ ਸਿਰਫ਼ ਰਾਸ਼ਨ ਵੰਡਣ ਤੱਕ ਸੀਮਿਤ ਨਹੀਂ, ਸਗੋਂ ਆਮ ਘਰਾਂ ਦੇ ਮਹੀਨਾਵਾਰ ਖ਼ਰਚੇ ’ਚ ਵਾਸਤਵਿਕ ਕਮੀ ਲਿਆਉਣ ਵਾਲੀ ਪਹਿਲ ਹੈ। ਉਨ੍ਹਾਂ ਕਿਹਾ ਕਿ ਦਾਲ, ਤੇਲ ਅਤੇ ਚੀਨੀ ਵਰਗੀਆਂ ਜ਼ਰੂਰੀ ਵਸਤਾਂ ਦੀ ਕੀਮਤਾਂ ਵਿੱਚ ਵਾਧੇ ਨੇ ਘਰੇਲੂ ਬਜਟ ‘ਤੇ ਦਬਾਅ ਪਾਇਆ ਹੋਇਆ ਹੈ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ। ਮੰਤਰੀ ਖੁੱਡੀਆਂ ਨੇ ਦੱਸਿਆ ਕਿ ਇਸ ਯੋਜਨਾ ਨਾਲ ਗਰੀਬ ਅਤੇ ਮੱਧਵਰਗ ਪਰਿਵਾਰਾਂ ਨੂੰ ਮਹੀਨਾਵਾਰ ਖ਼ਰਚੇ ’ਚ ਢੁਕਵੀਂ ਬਚਤ ਹੋਵੇਗੀ ਅਤੇ ਉਨ੍ਹਾਂ ਦੀ ਆਰਥਿਕ ਸੁਰੱਖਿਆ ਮਜ਼ਬੂਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਪਾਰਦਰਸ਼ੀ ਪ੍ਰਣਾਲੀ ਰਾਹੀਂ ਯੋਗ ਲਾਭਪਾਤਰੀਆਂ ਦੀ ਪਛਾਣ ਕਰਕੇ ਘਰ-ਘਰ ਤੱਕ ਲਾਭ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ-ਭਲਾਈ ਨੂੰ ਕੇਂਦਰ ਵਿੱਚ ਰੱਖ ਕੇ ਨੀਤੀਆਂ ਤਿਆਰ ਕਰ ਰਹੀ ਹੈ ਅਤੇ ਇਹ ਸਕੀਮ ਸਮਾਜ ਦੇ ਕਮਜ਼ੋਰ ਵਰਗਾਂ ਲਈ ਵੱਡਾ ਸਹਾਰਾ ਸਾਬਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ ਪੱਖੀ ਫੈਂਸਲਿਆਂ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਦਿਨਾਂ ’ਚ ਲੋਕਾਂ ਦੇ ਹਿੱਤ ਲਈ ਹੋਰ ਵੀ ਲੋਕ-ਪੱਖੀ ਫੈਂਸਲੇ ਕੀਤੇ ਜਾਣਗੇ। ਜਿਸ ਨਾਲ ਪੰਜਾਬ ਦੇ ਲੋਕਾਂ ਦਾ ਸਰਵ ਪੱਖੀ ਵਿਕਾਸ ਹੋ ਸਕੇ।