ਭਾਰਤੀ ਕਿਸਾਨ ਯੂਨੀਅਨਚੋਣ ਪ੍ਰਚਾਰ ’ਚ ਖ਼ਾਲਸਾ ਦੇ ਸਹਿਯੋਗ ਦੀ ਕੀਤੀ ਸ਼ਲਾਘਾ

ਵਕੀਲ ਮਹਿਰੋਂ, ਨਿੱਜੀ ਪੰਜਾਬੀ ਜਾਗਰਣ ਮੋਗਾ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਧਰਮਕੋਟ ਬਲਾਕ ਦੇ ਪਿੰਡ ਕੈਲੇ ਵਿਖੇ ਇਕ ਅਹਿਮ ਮੀਟਿੰਗ ਕਰਕੇ ਪਿੰਡ ਇਕਾਈ ਦਾ ਗਠਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਸਾਨੀ ਮੰਗਾਂ, ਮਸਲਿਆਂ ਅਤੇ ਚੱਲ ਰਹੇ ਸੰਘਰਸ਼ਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੂੰ ਜਥੇਬੰਦੀ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਕਿਰਪਾਲ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਕੈਲੇ ਵਿਖੇ ਬੀਕੇਯੂ ਕ੍ਰਾਂਤੀਕਾਰੀ ਦੀ ਇਕਾਈ ਦਾ ਗਠਨ ਕਰਨ ਲਈ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿਚ ਜਥੇਬੰਦੀ ਦੇ ਆਗੂ ਕਿਰਪਾਲ ਸਿੰਘ ਵਿਰਕ, ਜਗਜੀਤ ਸਿੰਘ ਸਮਰਾ ਜ਼ਿਲ੍ਹਾ ਕੈਸ਼ੀਅਰ, ਬਲਾਕ ਮੀਤ ਪ੍ਰਧਾਨ ਰਾਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਖੇਲਾ ਅਤੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ ਨੇ ਇਕ ਟੀਮ ਦੇ ਰੂਪ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਬੀਕੇਯੂ ਕ੍ਰਾਂਤੀਕਾਰੀ ਹਮੇਸ਼ਾ ਹੀ ਕਿਸਾਨਾਂ ਦੇ ਹੱਕਾਂ ਅਤੇ ਮੰਗਾਂ ਲਈ ਸੰਘਰਸ਼ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਏਕਤਾ ਅਤੇ ਸੰਘਰਸ਼ ਦੀ ਤਾਕਤ ਨਾਲ ਜ਼ਿਲ੍ਹੇ ਦੇ ਕਈ ਮਸਲੇ ਹੱਲ ਕਰਵਾਏ ਹਨ ਅਤੇ ਕਿਸਾਨਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਜਥੇਬੰਦੀ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਵਿਚ ਲਗਾਤਾਰ ਹਾਜ਼ਰੀ ਭਰੀ ਅਤੇ ਕਿਸਾਨ ਅੰਦੋਲਨ ਨੂੰ ਮਜ਼ਬੂਤੀ ਨਾਲ ਸਮਰਥਨ ਦਿੱਤਾ। ਇਸ ਤੋਂ ਇਲਾਵਾ ਜ਼ੀਰਾ ਸ਼ਰਾਬ ਫੈਕਟਰੀ ਖ਼ਿਲਾਫ਼ ਚਲਾਏ ਗਏ ਸੰਘਰਸ਼ ਵਿਚ ਵੀ ਜਥੇਬੰਦੀ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਫੈਕਟਰੀ ਵੱਲੋਂ ਪਾਣੀ ਪ੍ਰਦੂਸ਼ਿਤ ਹੋ ਰਿਹਾ ਸੀ ਜਿਸ ਨਾਲ ਪਸ਼ੂਆਂ ਅਤੇ ਆਮ ਲੋਕਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਸੀ, ਜਿਸ ਕਾਰਨ ਜਥੇਬੰਦੀ ਨੇ ਮੋਰਚਾ ਲਾ ਕੇ ਉਸਨੂੰ ਬੰਦ ਕਰਵਾਇਆ। ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਕਿਸਾਨਾਂ ਲਈ ਜਥੇਬੰਦੀ ਨਾਲ ਜੁੜਨਾ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਸਿਆਸੀ ਪਾਰਟੀਆਂ ਆਮ ਕਿਸਾਨਾਂ ਦੀ ਬਜਾਏ ਆਪਣੇ ਚਹਿਤਿਆਂ ਦੇ ਕੰਮ ਕਰਵਾਉਣ ਵਿਚ ਲੱਗੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਬੀਕੇਯੂ ਕ੍ਰਾਂਤੀਕਾਰੀ ਆਮ ਕਿਸਾਨਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੇ ਹੱਕਾਂ ਲਈ ਲੜਨ ਅਤੇ ਸੰਘਰਸ਼ ਕਰਨ ਦੇ ਮਕਸਦ ਨਾਲ ਖੜ੍ਹੀ ਕੀਤੀ ਗਈ ਹੈ ਅਤੇ ਜਥੇਬੰਦੀ ਦਾ ਵਿਸ਼ਵਾਸ ਲੋਕ ਤਾਕਤ ਉੱਤੇ ਟਿਕਿਆ ਹੋਇਆ ਹੈ। ਮੀਟਿੰਗ ਦੇ ਅੰਤ ਵਿਚ ਪਿੰਡ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਗੁਰਕਿਰਪਾਲ ਸਿੰਘ ਨੂੰ ਪ੍ਰਧਾਨ, ਹਰਮੇਸ ਸਿੰਘ ਨੂੰ ਮੀਤ ਪ੍ਰਧਾਨ, ਅਮਨਦੀਪ ਸਿੰਘ ਨੂੰ ਖ਼ਜ਼ਾਨਚੀ ਅਤੇ ਤਰਸੇਮ ਲਾਲ ਨੂੰ ਸਕੱਤਰ ਚੁਣਿਆ ਗਿਆ। ਨਵੀਂ ਚੁਣੀ ਕਮੇਟੀ ਨੇ ਭਰੋਸਾ ਦਿਵਾਇਆ ਕਿ ਉਹ ਕਿਸਾਨਾਂ ਦੇ ਮੰਗਾਂ ਅਤੇ ਮਸਲਿਆਂ ਲਈ ਚੱਲ ਰਹੇ ਹਰ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ ਅਤੇ ਪਿੰਡ ਪੱਧਰ ‘ਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ।