ਵਾਰਡ ਨੰਬਰ 18 ਤੋਂ ਭਾਜਪਾ ਦੇ ਉਮੀਦਵਾਰ ਰਾਜ ਕੁਮਾਰ ਦੇ ਹੱਕ ’ਚ ਮੰਗੀਆਂ ਵੋਟਾਂ
ਭਾਜਪਾ ਦੇ ਵਾਰਡ ਨੰਬਰ 18 ਤੋਂ ਉਮੀਦਵਾਰ ਰਾਜ ਕੁਮਾਰ ਦੇ ਪੱਖ ’ਚ ਭਾਜਪਾ ਦੀ ਮੀਟਿੰਗ
Publish Date: Fri, 22 May 2026 05:43 PM (IST)
Updated Date: Fri, 22 May 2026 05:46 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਨੇ ਵਾਰਡ ਨੰਬਰ 18 ਤੋਂ ਆਪਣੇ ਉਮੀਦਵਾਰ ਰਾਜ ਕੁਮਾਰ ਸੇਤੀਆ ਦੇ ਸਮਰਥਨ ਵਿੱਚ ਸ਼ੁੱਕਰਵਾਰ ਨੂੰ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਸ਼ਾਮਲ ਹੋਏ ਅਤੇ ਵੋਟਰਾਂ ਨੂੰ ਰਾਜ ਕੁਮਾਰ ਸੇਤੀਆ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਲਗਾਤਾਰ ਤਰੱਕੀ ਦੇ ਰਾਹ ਤੇ ਅੱਗੇ ਵਧ ਰਿਹਾ ਹੈ। ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਵਰਗ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੀ ਭਾਜਪਾ ਹੁਣ ਇੱਕ ਮਜ਼ਬੂਤ ਵਿਕਲਪ ਵਜੋਂ ਉੱਭਰੀ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ’ਚ ਘਬਰਾਹਟ ਹੈ। ਬਰਾੜ ਨੇ ਦਾਅਵਾ ਕੀਤਾ ਕਿ ਮੁਕਤਸਰ ਨਗਰ ਕੌਂਸਲ ਚੋਣਾਂ ’ਚ ਭਾਜਪਾ ਵੱਡੀ ਜਿੱਤ ਹਾਸਲ ਕਰੇਗੀ। ਉਨ੍ਹਾਂ ਵਾਰਡ 18 ਦੇ ਵੋਟਰਾਂ ਨੂੰ ਰਾਜ ਕੁਮਾਰ ਸੇਤੀਆ ਦੇ ਪੱਖ ’ਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਪੁਸ਼ਪਿੰਦਰ ਸਿੰਘ ਭੰਡਾਰੀ, ਭਾਰਤ ਭੂਸ਼ਣ ਬਿੰਟਾ, ਐਡਵੋਕੇਟ ਅਰਮਾਨਜੋਤ ਬਰਾੜ ਅਤੇ ਭਿੰਦਰ ਸਰਪੰਚ ਨੇ ਵੀ ਆਪਣੇ ਵਿਚਾਰ ਰੱਖੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਦੇਸ਼ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਇਆ ਹੈ ਅਤੇ ਵਿਸ਼ਵ ਪੱਧਰ ਤੇ ਭਾਰਤ ਦੀ ਇੱਕ ਵੱਖਰੀ ਪਛਾਣ ਬਣੀ ਹੈ। ਵਿਦੇਸ਼ ਨੀਤੀ ਤੋਂ ਲੈ ਕੇ ਆਰਥਿਕ ਮੋਰਚੇ ਤੱਕ ਭਾਰਤ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਭਾਜਪਾ ਆਗੂਆਂ ਨੇ ਉਮੀਦਵਾਰ ਰਾਜ ਕੁਮਾਰ ਸੇਤੀਆ ਦੇ ਅਕਸ ਨੂੰ ਇਮਾਨਦਾਰ ਅਤੇ ਮਿਹਨਤੀ ਦੱਸਿਆ। ਉਨ੍ਹਾਂ ਕਿਹਾ ਕਿ ਸੇਤੀਆ ਹਮੇਸ਼ਾ ਜਨਤਾ ਦੇ ਵਿਚਕਾਰ ਰਹਿ ਕੇ ਕੰਮ ਕਰਨ ਵਾਲੇ ਆਗੂ ਹਨ। ਵਾਰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ। ਆਗੂਆਂ ਨੇ ਭਰੋਸਾ ਦਿਵਾਇਆ ਕਿ ਜਿੱਤ ਤੋਂ ਬਾਅਦ ਵਾਰਡ 18 ’ਚ ਵਿਕਾਸ ਕਾਰਜਾਂ ਨੂੰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਸਥਾਨਕ ਲੋਕਾਂ ਦੀ ਭਰਵੀਂ ਮੌਜੂਦਗੀ ਰਹੀ। ਭਾਜਪਾ ਆਗੂਆਂ ਨੇ ਘਰ-ਘਰ ਜਾ ਕੇ ਪ੍ਰਚਾਰ ਕਰਨ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਤੇ ਵੀ ਜ਼ੋਰ ਦਿੱਤਾ।