ਨਗਰ ਕੌਂਸਲ ਚੋਣਾਂ ਲਈ ਭਾਜਪਾ ਨੇ ਇੰਚਾਰਜ ਕੀਤੇ ਨਿਯੁਕਤ
ਨਗਰ ਕੌਂਸਲ ਚੋਣਾਂ ਲਈ ਭਾਜਪਾ ਨੇ ਇੰਚਾਰਜ ਕੀਤੇ ਨਿਯੁਕਤ
Publish Date: Tue, 28 Apr 2026 07:33 PM (IST)
Updated Date: Tue, 28 Apr 2026 07:37 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਜਨਤਾ ਪਾਰਟੀ ਨੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਇੰਚਾਰਜ ਨਿਯੁਕਤ ਕੀਤੇ ਹਨ। ਇਸ ਤਹਿਤ ਸ੍ਰੀ ਮੁਕਤਸਰ ਸਾਹਿਬ ਤੋਂ ਨਰਿੰਦਰ ਮਿੱਤਲ, ਮਲੋਟ ਤੋਂ ਧਨਪਤ ਸੇਯੇਗ ਅਤੇ ਗਿੱਦੜਬਾਹਾ ਤੋਂ ਸੁਨੀਲ ਸਿੰਗਲਾ ਨੂੰ ਚੋਣ ਇੰਚਾਰਜ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ਼ ਅਨਿਲ ਸਿਰੀਨ ਨੇ ਦੱਸਿਆ ਕਿ ਭਾਜਪਾ ਨੇ ਨਗਰ ਕੌਂਸਲ ਚੋਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਲੋਕਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਇਸਦੇ ਨਾਲ ਹੀ ਵੱਖ-ਵੱਖ ਸ਼ਹਿਰਾਂ ’ਚ ਇੰਚਾਰਜ ਨਿਯੁਕਤ ਕਰਕੇ ਉਨ੍ਹਾਂ ਨੂੰ ਮੈਦਾਨ ’ਚ ਉਤਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਭਾਵੇਂ ਅਜੇ ਨਗਰ ਕੌਂਸਲ ਚੋਣਾਂ ਦਾ ਰਸਮੀ ਐਲਾਨ ਨਹੀਂ ਹੋਇਆ ਹੈ, ਪਰ ਸਾਰੀਆਂ ਪਾਰਟੀਆਂ ਨੇ ਹੁਣ ਤੋਂ ਹੀ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਨਗਰ ਕੌਂਸਲ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ਮੀਨ ਤਿਆਰ ਕਰਨਾ ਚਾਹੁੰਦੀ ਹੈ। ਇਹ ਚੋਣਾਂ ਸਾਰੀਆਂ ਸਿਆਸੀ ਪਾਰਟੀਆਂ ਲਈ ਬੇਹੱਦ ਅਹਿਮ ਹਨ ਕਿਉਂਕਿ ਇਹੀ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰੂਪ-ਰੇਖਾ ਤੈਅ ਕਰਨਗੀਆਂ। ਇਸੇ ਗੱਲ ਨੂੰ ਮੁੱਖ ਰੱਖਦਿਆਂ ਭਾਜਪਾ ਨੇ ਹੁਣ ਤੋਂ ਹੀ ਵਰਕਰਾਂ ਅਤੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਡਟਣ ਦੇ ਹੁਕਮ ਜਾਰੀ ਕਰ ਦਿੱਤੇ ਹਨ।