ਬਿਸਮਾਦ ਵੈੱਲਫੇਅਰ ਸੁਸਾਇਟੀ ਵੱਲੋਂ ਗੁਰੂਘਰ ਦੇ 55 ਵਜ਼ੀਰਾਂ ਦਾ ਸਨਮਾਨ
ਬਿਸਮਾਦ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਘਰ ਦੇ 55 ਵਜ਼ੀਰਾਂ ਦਾ ਸਨਮਾਨ
Publish Date: Thu, 07 May 2026 03:54 PM (IST)
Updated Date: Fri, 08 May 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਗੁਰੂ ਘਰ ਦੇ ਵਜ਼ੀਰਾਂ ਅਰਥਾਤ ਗ੍ਰੰਥੀ ਅਤੇ ਪਾਠੀ ਸਿੰਘਾਂ ਦਾ ਮਾਣ, ਸਨਮਾਨ ਅਤੇ ਸਤਿਕਾਰ ਬਹੁਤ ਜਰੂਰੀ ਹੈ। ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਕੋਟਕਪੂਰਾ ਵਿਖੇ ਬਿਸਮਾਦ ਵੈਲਫੇਅਰ ਸੁਸਾਇਟੀ ਵੱਲੋਂ ਇਲਾਕੇ ਦੇ ਗ੍ਰੰਥੀ ਸਿੰਘਾਂ ਦੇ ਬਾਬਾ ਬੁੱਢਾ ਜੀ ਸਨਮਾਨ ਨਾਲ ਰੱਖੇ ਸਮਾਰੋਹ ਦੌਰਾਨ ਬਤੋਰ ਮੁੱਖ ਮਹਿਮਾਨ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਗੁਰੂ ਘਰ ਦੇ ਸੇਵਾਦਾਰ ਸਿੱਖੀ ਦਾ ਆਧਾਰ ਹਨ। ਉਹਨਾਂ ਸਨਮਾਨਿਤ ਗ੍ਰੰਥੀ ਸਿੰਘਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਗੁਰੂ ਘਰ ਵਿੱਚ ਆਪ ਜੀ ਵੱਲੋਂ ਬਤੋਰ ਗ੍ਰੰਥੀ ਸਿੰਘ ਨਿਭਾਈ ਜਾ ਰਹੀ ਨਿਸ਼ਕਾਮ ਸੇਵਾ, ਗੁਰਬਾਣੀ ਪਾਠ, ਕੀਰਤਨ, ਕਥਾ ਪ੍ਰਚਾਰ ਅਤੇ ਸਿੱਖ ਰਹਿਤ ਮਰਿਆਦਾ ਦੀ ਪ੍ਰੇਰਨਾ ਰਾਹੀਂ ਸੰਗਤ ਨੂੰ ਆਤਮਿਕ ਜੀਵਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਪ ਜੀ ਦੀ ਅਟੱਲ ਸੇਵਾ, ਨਿਮਰਤਾ ਅਤੇ ਗੁਰੂ ਪ੍ਰੇਮ ਦੇ ਸਤਿਕਾਰ ਵਜੋਂ ਤੁਹਾਨੂੰ ਇਹ ਮਾਣਯੋਗ ਉਪਾਧੀ ਨਾਲ ਸਨਮਾਨਤ ਕਰਨ ਦੀ ਖੁਸ਼ੀ ਪ੍ਰਾਪਤ ਹੋ ਰਹੀ ਹੈ। ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ਼ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਬਿਸਮਾਦ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਕੋਟਕਪੂਰਾ ਇਲਾਕੇ ਦੇ 55 ਗ੍ਰੰਥੀ ਸਿੰਘਾਂ ਦਾ ਸਨਮਾਨ ਕੀਤਾ ਗਿਆ ਹੈ, ਜਦਕਿ ਇਹ ਸਨਮਾਨ ਸਮਾਰੋਹ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਰੱਖਣ ਦੀ ਤਜਵੀਜ ਹੈ। ਇਸ ਮੌਕੇ ਅਨੇਕਾਂ ਹੋਰ ਉੱਘੀਆਂ ਸ਼ਖਸ਼ੀਅਤਾਂ ਨੇ ਨਾਹਰਿਆਂ ਅਤੇ ਜੈਕਾਰਿਆਂ ਦੀ ਗੂੰਜ਼ ਵਿੱਚ ਗੁਰੂ ਘਰ ਦੇ ਵਜ਼ੀਰਾਂ ਦਾ ਸਨਮਾਨ ਕੀਤਾ।