ਮੋਗਾ ਵਿਚ ਆਉਣ ਵਾਲੀਆਂ ਨਗਰ

ਮੋਗਾ ਵਿਖੇ ਕਾਂਗਰਸ ਪਾਰਟੀ ਵਿਚ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੂੰ ਸਾਮਲ ਕਰਦੇ ਹੋਏ ਮਾਲਵਿਕਾ ਸੂਦ।
ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਮੋਗਾ ਵਿਚ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸ਼ਹਿਰ ਦੀ ਰਾਜਨੀਤੀ ਵਿਚ ਉਸ ਵੇਲੇ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਦੱਸਣਯੋਗ ਹੈ ਕਿ ਮੋਗਾ ਦੀ ਰਾਜਨੀਤੀ ਵਿਚ ਇਸ ਸਿਅਸੀ ਧਮਾਕੇ ਨੂੰ ਇਕ ਵੱਡੇ ਸਿਆਸੀ ਘਟਨਾਕ੍ਰਮ ਵਜੋਂ ਵੇਖਿਆ ਜਾ ਰਿਹਾ ਹੈ, ਕਿਉਂਕਿ ਬਲਜੀਤ ਚਾਨੀ ਸ਼ਹਿਰ ਦੀ ਨਿਗਮ ਰਾਜਨੀਤੀ ਵਿਚ ਇਕ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਚਿਹਰੇ ਵਜੋਂ ਜਾਣੇ ਜਾਂਦੇ ਰਹੇ ਹਨ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਬਲਜੀਤ ਸਿੰਘ ਚਾਨੀ ਦਾ ਸਵਾਗਤ ਕੀਤਾ ਅਤੇ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਮਾਲਵਿਕਾ ਸੂਦ ਨੇ ਚਾਨੀ ਨੂੰ ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 8 ਦਾ ਇੰਚਾਰਜ ਵੀ ਨਿਯੁਕਤ ਕੀਤਾ। ਰਾਜਨੀਤਿਕ ਮਾਹਿਰਾਂ ਦੇ ਅਨੁਸਾਰ ਨਿਗਮ ਚੋਣਾਂ ਤੋਂ ਪਹਿਲਾਂ ਹੋਇਆ ਇਹ ਸਿਆਸੀ ਬਦਲਾਅ ਮੋਗਾ ਦੀ ਰਾਜਨੀਤੀ ਵਿਚ ਨਵੇਂ ਸਮੀਕਰਨ ਪੈਦਾ ਕਰ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਬਲਜੀਤ ਚਾਨੀ ਆਮ ਆਦਮੀ ਪਾਰਟੀ ਦੇ ਪਹਿਲੇ ਮੇਅਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਸ਼ਹਿਰ ਵਿਚ ਵੱਖਰੀ ਪਛਾਣ ਮੰਨੀ ਜਾਂਦੀ ਹੈ। ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਸ਼ਹਿਰੀ ਖੇਤਰਾਂ ਵਿੱਚ ਵੱਡਾ ਫਾਇਦਾ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਾਲਵਿਕਾ ਸੂਦ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਪਾਰਟੀ ਹੈ ਅਤੇ ਹਰ ਵਰਗ ਦੇ ਲੋਕ ਹੁਣ ਮੁੜ ਕਾਂਗਰਸ ’ਤੇ ਵਿਸ਼ਵਾਸ ਜਤਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਹਲਕੇ ਵਿਚ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦਾ ਹੀ ਨਤੀਜਾ ਹੈ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਲਗਾਤਾਰ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਉਹ ਕਾਂਗਰਸ ਦੀਆਂ ਨੀਤੀਆਂ ਅਤੇ ਲੋਕ-ਹਿਤੈਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਆਮ ਲੋਕਾਂ ਦੀ ਆਵਾਜ਼ ਬਣ ਕੇ ਖੜੀ ਰਹਿੰਦੀ ਹੈ ਅਤੇ ਹਰ ਵਰਗ ਦੇ ਹੱਕਾਂ ਲਈ ਸੰਘਰਸ਼ ਕਰਦੀ ਹੈ।
ਬਲਜੀਤ ਚਾਨੀ ਨੇ ਮੇਅਰ ਕੁਰਸੀ ‘ਤੇ ਕਿੰਨਾ ਸਮਾਂ ਕੀਤਾ ਕੰਮ
ਮੋਗਾ ਨਗਰ ਨਿਗਮ ਦੀ ਸਿਆਸਤ ਵਿਚ ਵੱਡਾ ਨਾਮ ਬਣੇ ਬਲਜੀਤ ਸਿੰਘ ਚਾਨੀ ਕਰੀਬ ਦੋ ਸਾਲ ਤੋਂ ਵੱਧ ਸਮੇਂ ਤੱਕ ਮੇਅਰ ਦੀ ਕੁਰਸੀ ‘ਤੇ ਬਿਰਾਜਮਾਨ ਰਹੇ। ਸਮਾਜ ਸੇਵਾ ਤੋਂ ਆਪਣੀ ਪਛਾਣ ਬਣਾਉਣ ਵਾਲੇ ਚਾਨੀ ਨੇ 21 ਅਗਸਤ 2023 ਨੂੰ ਮੋਗਾ ਦੇ ਮੇਅਰ ਵਜੋਂ ਕੁਰਸੀ ਸੰਭਾਲੀ ਸੀ। ਉਹ ਆਮ ਆਦਮੀ ਪਾਰਟੀ ਦੇ ਪਹਿਲੇ ਮੇਅਰ ਬਣੇ ਸਨ। ਬਲਜੀਤ ਸਿੰਘ ਚਾਨੀ ਲਗਭਗ 2 ਸਾਲ 3 ਮਹੀਨੇ ਤੱਕ ਮੇਅਰ ਦੇ ਅਹੁਦੇ ‘ਤੇ ਰਹੇ। ਨਵੰਬਰ 2025 ਵਿਚ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ, ਜਦੋਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ‘ਤੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਲਗਾਏ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰਦੇ ਹੋਏ ਮੇਅਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ। ਹਾਲਾਂਕਿ ਚਾਨੀ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ।
ਵਾਰਡ ਨੰਬਰ 8 ਤੋਂ ਬਣੇ ਸਨ ਕੌਂਸਲਰ
ਬਲਜੀਤ ਸਿੰਘ ਚਾਨੀ ਮੋਗਾ ਨਗਰ ਨਿਗਮ ਦੇ ਵਾਰਡ ਨੰਬਰ 8 ਤੋਂ ਕੌਂਸਲਰ ਚੁਣੇ ਗਏ ਸਨ। ਉਹ ਇਸੇ ਵਾਰਡ ਦੀ ਨੁਮਾਇੰਦਗੀ ਕਰਦੇ ਹੋਏ ਮੇਅਰ ਦੀ ਕੁਰਸੀ ਤੱਕ ਪਹੁੰਚੇ। ਮੋਗਾ ਨਗਰ ਨਿਗਮ ਦੀ ਅਧਿਕਾਰਿਕ ਜਾਣਕਾਰੀ ਅਨੁਸਾਰ ਉਹ ਵਾਰਡ ਨੰਬਰ 8 ਦੇ ਮੈਂਬਰ ਰਹੇ ਹਨ। ਬਲਜੀਤ ਸਿੰਘ ਚਾਨੀ ਇਕ ਵਾਰ ਕੌਂਸਲਰ ਬਣੇ ਅਤੇ ਉਸ ਤੋਂ ਬਾਅਦ ਸਿੱਧੇ ਮੇਅਰ ਦੀ ਕੁਰਸੀ ਤੱਕ ਪਹੁੰਚੇ।
ਸਮਾਜ ਸੇਵਾ ਨਾਲ ਬਣਾਈ ਸੀ ਵੱਖਰੀ ਪਛਾਣ
ਬਲਜੀਤ ਸਿੰਘ ਚਾਨੀ ਨੂੰ ਮੋਗਾ ਵਿਚ ਸਮਾਜ ਸੇਵੀ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ। ਉਹ ਸੜਕ ਹਾਦਸਿਆਂ ਅਤੇ ਲਾਵਾਰਿਸ ਲਾਸ਼ਾਂ ਦਾ ਅੰਤਿਮ ਸਸਕਾਰ ਕਰਨ ਲਈ ਖਾਸ ਤੌਰ ‘ਤੇ ਮਸ਼ਹੂਰ ਰਹੇ। ਮੀਡੀਆ ਰਿਪੋਰਟਾਂ ਅਨੁਸਾਰ ਉਹ 300 ਤੋਂ ਵੱਧ ਲਾਵਾਰਿਸ ਮ੍ਰਿਤਕ ਦੇਹਾਂ ਦਾ ਸਸਕਾਰ ਕਰ ਚੁੱਕੇ ਹਨ। ਇਸ ਕਾਰਨ ਉਨ੍ਹਾਂ ਦੀ ਸ਼ਹਿਰ ਵਿਚ ਇਕ ਵੱਖਰੀ ਪਛਾਣ ਬਣੀ ਹੋਈ ਸੀ।
ਕਿਵੇਂ ਮਿਲੀ ਸੀ ਮੇਅਰ ਦੀ ਕੁਰਸੀ
ਮੋਗਾ ਨਗਰ ਨਿਗਮ ਵਿਚ ਕਾਂਗਰਸ ਦੀ ਮੇਅਰ ਨੀਤਿਕਾ ਭੱਲਾ ਖਿਲਾਫ ਬੇਅਤਬਾਰੀ ਮਤਾ ਪਾਸ ਹੋਣ ਤੋਂ ਬਾਅਦ ਮੇਅਰ ਦੀ ਕੁਰਸੀ ਖਾਲੀ ਹੋਈ ਸੀ। ਇਸ ਤੋਂ ਬਾਅਦ 42 ਕੌਂਸਲਰਾਂ ਦੇ ਸਮਰਥਨ ਨਾਲ ਬਲਜੀਤ ਸਿੰਘ ਚਾਨੀ ਨੂੰ ਸਹਿਮਤੀ ਨਾਲ ਮੇਅਰ ਚੁਣਿਆ ਗਿਆ। ਉਸ ਸਮੇਂ ਇਹ ਵੀ ਕਿਹਾ ਗਿਆ ਸੀ ਕਿ ਮੋਗਾ ਦੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੱਤੀ ਜਾਵੇਗੀ।