ਪਿੰਡ ਡੋਡ ’ਚ ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ! ਕਈ ਪਰਿਵਾਰ ‘ਆਪ’ ’ਚ ਹੋਏ ਸ਼ਾਮਿਲ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਇੱਥੋਂ ਨੇੜਲੇ ਪਿੰਡ ਡੋਡ, ਜ਼ਿਲ੍ਹਾ ਫ਼ਰੀਦਕੋਟ ਵਿਖੇ ਕਈ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦਿਆਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਹ ਪਰਿਵਾਰ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਹੇਠ ‘ਆਪ’ ਵਿਚ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਗਲਾਂ ਵਿਚ ਪਾਰਟੀ ਚਿੰਨ ਵਾਲੇ ਮਫ਼ਰਲ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪਾਰਟੀ ਵਿਚ ਸ਼ਾਮਿਲ ਹੋਏ ਹਰ ਵਿਅਕਤੀ ਨੂੰ ਯੋਗ ਮਾਣ-ਸਨਮਾਨ ਮਿਲੇਗਾ ਅਤੇ ਪਿੰਡ ਦੇ ਸਰਬਾਂਗੀਣ ਵਿਕਾਸ ਲਈ ਮਿਲਜੁਲ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ‘ਆਪ’ ਹੀ ਉਹ ਪਾਰਟੀ ਹੈ ਜੋ ਆਮ ਲੋਕਾਂ ਦੀ ਆਵਾਜ਼ ਬਣ ਕੇ ਮੈਦਾਨ ਵਿਚ ਕੰਮ ਕਰ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਸੂਬਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਹਰੇਕ ਸੂਝਵਾਨ ਪੰਜਾਬੀ ‘ਆਪ’ ਵਿਚ ਸ਼ਾਮਿਲ ਹੋਣ ਲਈ ਬੇਤਾਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ‘ਆਪ’ ਸਰਕਾਰ ਪ੍ਰਤੀ ਵਿਸ਼ਵਾਸ ਲਗਾਤਾਰ ਵੱਧ ਰਿਹਾ ਹੈ। ਹਰ ਵਰਗ ਅਤੇ ਸਮਾਜ ਦੇ ਲੋਕ ਪਾਰਟੀ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ ਅਤੇ ਹਰ ਰੋਜ਼ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਿਲ ਕਰਕੇ ‘ਆਪ’ ਮੁੜ ਸੂਬੇ ਵਿਚ ਸਰਕਾਰ ਬਣਾਏਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਆਲ ਪੰਜਾਬ ਟਰੱਕ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਸਰਪ੍ਰਸਤ ਤੇ ਦਸ਼ਮੇਸ਼ ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਡੋਡ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਿੰਡ ਡੋਡ ਦੇ ਸਰਪੰਚ ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਕੋਈ ਏਜੰਡਾ ਨਹੀਂ, ਵਿਰੋਧੀ ਆਪਣੀ ਸਿਆਸੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ, ਆਮ ਆਦਮੀ ਪਾਰਟੀ ਜਿੱਥੇ ਪੰਜਾਬ ਦੇ ਵਿਕਾਸ ਤੇ ਖੁਸ਼ਹਾਲੀ ਦੀ ਗੱਲ ਕਰਦੀ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਕੋਲ ‘ਆਪ’ ਨੂੰ ਕੋਸਣ ਤੋਂ ਸਿਵਾਏ ਕੋਈ ਗੱਲ ਨਹੀਂ, ਹਰ ਵਰਗ ਲਈ 600 ਯੂਨਿਟ ਬਿਜਲੀ ਮਾਫ਼ ਕਰਨਾ, 60,000 ਤੋਂ ਵੱਧ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਦੇਣਾ, ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ, ਅਪ੍ਰੈਲ ਮਹੀਨੇ ਤੋਂ ਮਹਿਲਾਵਾਂ ਦੇ ਖ਼ਾਤਿਆਂ ਵਿਚ ਹਜ਼ਾਰ ਅਤੇ ਪੰਦਰਾਂ ਸੌ ਰੁਪਏ ਪਾਉਣਾ ਤੋਂ ਇਲਾਵਾ ਸੂਬੇ ਨੂੰ ਭਿ੍ਰਸ਼ਟਾਚਾਰ ਅਤੇ ਨਸ਼ਾ ਮੁਕਤ ਕਰਨਾ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਆਮ ਆਦਮੀ ਪਾਰਟੀ ਦੇ ਇਤਿਹਾਸਿਕ ਕੰਮ ਹਨ, ਜਿਸ ਨੂੰ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਲਿਖਿਆ ਜਾਵੇਗਾ। ‘ਆਪ’ ਆਗੂਆਂ ਨੇ ਕਿਹਾ ਕਿ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਵੱਲੋਂ ਜੈਤੋ ਹਲਕੇ ਲਈ ਕੀਤੇ ਜਾ ਰਹੇ ਵਿਕਾਸ ਕੰਮਾਂ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਤੇ ਸੰਤੁਸ਼ਟ ਹਨ। 2027 ਦੀਆਂ ਚੋਣਾਂ ਲਈ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ, ਬਲਾਕ ਸੰਮਤੀ ਜੈਤੋ ਦੇ ਵਾਈਸ ਚੇਅਰਮੈਨ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ਸਾਬਕਾ ਸਰਪੰਚ ਕੁਲਵੀਰ ਕੌਰ ਗਿੱਲ ਡੋਡ ਆਦਿ ਹਾਜ਼ਰ ਸਨ।