ਮੋਗਾ ਦੇ ਕੋਟਕਪੂਰਾ ਬਾਈਪਾਸ ’ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਨੇ ਇਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਗਮ ਵਿਚ ਬਦਲ ਦਿੱਤਾ। ਸੜਕ ’ਤੇ ਸੀਵਰੇਜ ਦੇ ਉੱਚੇ ਮੇਨਹੋਲ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਨਾਲ ਛੇ ਮਹੀਨੇ ਦੇ ਮਾਸੂਮ ਤੇ ਉਸ ਦੀ ਮਾਂ ਦੀ ਮੌਤ ਹੋ ਗਈ।
ਵਕੀਲ ਮਹਿਰੋਂ/ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਦੇ ਕੋਟਕਪੂਰਾ ਬਾਈਪਾਸ ’ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਨੇ ਇਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਗਮ ਵਿਚ ਬਦਲ ਦਿੱਤਾ। ਸੜਕ ’ਤੇ ਸੀਵਰੇਜ ਦੇ ਉੱਚੇ ਮੇਨਹੋਲ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਨਾਲ ਛੇ ਮਹੀਨੇ ਦੇ ਮਾਸੂਮ ਤੇ ਉਸ ਦੀ ਮਾਂ ਦੀ ਮੌਤ ਹੋ ਗਈ। ਇਸ ਹਾਦਸੇ ਨੇ ਇਕ ਵਾਰ ਫਿਰ ਸੜਕਾਂ ਦੀ ਮਾੜੀ ਹਾਲਤ ਅਤੇ ਪ੍ਰਸ਼ਾਸਨਿਕ ਲਾਪਰਵਾਹੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਪਿੰਡ ਚੰਦ ਨਵਾਂ ਦਾ ਰਹਿਣ ਵਾਲਾ ਲਖਬੀਰ ਸਿੰਘ ਆਪਣੀ ਪਤਨੀ ਜੋਤੀ ਅਤੇ ਛੋਟੇ ਬੱਚਿਆਂ ਨਾਲ ਕਿਸੇ ਜ਼ਰੂਰੀ ਕੰਮ ਲਈ ਮੋਗਾ ਆ ਰਿਹਾ ਸੀ। ਜਦੋਂ ਉਹ ਕੋਟਕਪੂਰਾ ਬਾਈਪਾਸ ’ਤੇ ਸਥਿਤ ਵਿਸ਼ਵਕਰਮਾ ਚੌਂਕ ਨੇੜੇ ਪਹੁੰਚੇ ਤਾਂ ਸੜਕ ਦੇ ਵਿਚਕਾਰ ਮੌਜੂਦ ਸੀਵਰੇਜ ਦੇ ਮੇਨਹੋਲ ਦਾ ਢੱਕਣ ਸੜਕ ਦੇ ਪੱਧਰ ਤੋਂ ਉੱਚਾ ਹੋਣ ਕਾਰਨ ਮੋਟਰਸਾਈਕਲ ਅਚਾਨਕ ਬੇਕਾਬੂ ਹੋ ਗਿਆ। ਮੋਟਰਸਾਈਕਲ ਦਾ ਸੰਤੁਲਨ ਵਿਗੜਦੇ ਹੀ ਲਖਬੀਰ ਸਿੰਘ ਦੀ ਪਤਨੀ ਜੋਤੀ ਅਤੇ ਉਸ ਦਾ ਛੇ ਮਹੀਨੇ ਦਾ ਪੁੱਤਰ ਮਨਵੀਰ ਸਿੰਘ ਸੜਕ ’ਤੇ ਜਾ ਡਿੱਗੇ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਮਨੁੱਖਤਾ ਹਵਾਲਾ ਦਿੱਤਾ ਅਤੇ ਤੁਰੰਤ ਨਿੱਜੀ ਗੱਡੀ ਰਾਹੀਂ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ।
ਸਿਵਲ ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਡਾਕਟਰਾਂ ਨੇ ਜਾਂਚ ਤੋਂ ਬਾਅਦ ਛੇ ਮਹੀਨੇ ਦੇ ਮਾਸੂਮ ਮਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਉਸ ਦੀ ਮਾਤਾ ਜੋਤੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਅੱਗੇ ਇਲਾਜ ਲਈ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਵੀਰ ਸਿੰਘ ਅਜੇ ਆਪਣਾ ਪਹਿਲਾ ਜਨਮ ਦਿਨ ਵੀ ਨਹੀਂ ਮਨਾ ਸਕਿਆ ਸੀ। ਪਰਿਵਾਰ ਨੇ ਉਸ ਦੇ ਭਵਿੱਖ ਨੂੰ ਲੈ ਕੇ ਅਨੇਕਾਂ ਸੁਪਨੇ ਸਜਾਏ ਹੋਏ ਸਨ ਪਰ ਇਕ ਪਲ ਵਿਚ ਹੀ ਇਹ ਸਾਰੇ ਸੁਪਨੇ ਟੁੱਟ ਕੇ ਰਹਿ ਗਏ। ਬੱਚੇ ਦੀ ਮੌਤ ਨਾਲ ਪੂਰੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ। ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੇ ਦੋਸ਼ ਲਾਇਆ ਕਿ ਸੜਕ ’ਤੇ ਮੌਜੂਦ ਖ਼ਰਾਬ ਅਤੇ ਉੱਚੇ ਮੈਨਹੋਲ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ ਪਰ ਸੰਬੰਧਤ ਵਿਭਾਗਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਲੋਕਾਂ ਨੇ ਮੰਗ ਕੀਤੀ ਕਿ ਹਾਦਸੇ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਸੜਕਾਂ ’ਤੇ ਮੌਜੂਦ ਅਜਿਹੀਆਂ ਖਾਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਪਰਿਵਾਰ ਨੂੰ ਅਜਿਹਾ ਦੁੱਖ ਨਾ ਸਹਿਣਾ ਪਵੇ। ਇਸ ਦਰਦਨਾਕ ਘਟਨਾ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਸੜਕਾਂ ਦੀ ਮਾੜੀ ਹਾਲਤ ਅਤੇ ਪ੍ਰਸ਼ਾਸਨਿਕ ਅਣਗਹਿਲੀ ਕਈ ਵਾਰ ਮਾਸੂਮ ਜ਼ਿੰਦਗੀਆਂ ਲਈ ਘਾਤਕ ਸਾਬਤ ਹੁੰਦੀ ਹੈ। ਇਕ ਛੋਟੇ ਜਿਹੇ ਬੱਚੇ ਦੀ ਮੌਤ ਨੇ ਨਾ ਸਿਰਫ਼ ਪਰਿਵਾਰ ਨੂੰ ਸਦਮੇ ’ਚ ਪਾ ਦਿੱਤਾ ਹੈ, ਸਗੋਂ ਸਿਸਟਮ ਦੀ ਕਾਰਗੁਜ਼ਾਰੀ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਲਈ ਕਮੇਟੀ ਦਾ ਗਠਨ
ਮੋਗਾ ਦੇ ਵਿਸ਼ਵਕਰਮਾ ਚੌਂਕ ਵਿਖੇ ਵਾਪਰੇ ਹਾਦਸੇ ਦੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਡੀਸੀ ਸਾਗਰ ਸੇਤੀਆ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ।
ਪੜਤਾਲੀਆ ਕਮੇਟੀ ਦੀ ਅਗਵਾਈ ਨਗਰ ਨਿਗਮ ਕਮਿਸ਼ਨਰ ਮੋਗਾ ਕਰਨਗੇ ਜਦਕਿ ਐਕਸੀਅਨ ਲੋਕ ਨਿਰਮਾਣ ਵਿਭਾਗ, ਐਕਸੀਅਨ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਤੋਂ ਇਲਾਵਾ ਡੀਐੱਸਪੀ ਮੋਗਾ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ।
ਇਸੇ ਦੌਰਾਨ ਡੀਸੀ ਸੇਤੀਆ ਨੇ ਹਾਦਸੇ ਉੇਪਰ ਗਹਿਰਾ ਦੁੱਖ ਜਤਾਉਂਦਿਆਂ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਦੁੱਖ ਦੀ ਘੜੀ ਵਿੱਚ ਪੀੜ੍ਹਤ ਪਰਿਵਾਰ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਲਈ ਇਹ ਸਦਮਾ ਅਸਹਿ ਹੈ ਤੇ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਿਸ਼ ਕਰਨ ।