ਕਰਮਾਂ ਤੋਂ ਰਹੋ ਸਾਵਧਾਨ : ਪੰਡਿਤ ਸੀਤਾ ਰਾਮ
ਕਰਮਾਂ ਤੋਂ ਰਹੋ ਸਾਵਧਾਨ : ਪੰਡਿਤ ਸੀਤਾ ਰਾਮ
Publish Date: Tue, 31 Mar 2026 07:12 PM (IST)
Updated Date: Tue, 31 Mar 2026 07:16 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਤਿਲਕ ਨਗਰ ਗਲੀ ਨੰਬਰ 7 ਸਥਿਤ ਸ੍ਰੀ ਨਰਮਦੇਸ਼ਵਰ ਸ਼ਿਵ ਮੰਦਰ ਵਿਖੇ ਸ੍ਰੀ ਹਨੂੰਮਾਨ ਜਨਮ ਉਤਸਵ ਦੇ ਸਬੰਧ ’ਚ ਹੋ ਰਹੀ ਨੌਂ ਰੋਜ਼ਾ (ਸ੍ਰੀ ਰਾਮਚਰਿਤ ਮਾਨਸ) ਸ੍ਰੀ ਰਾਮ ਕਥਾ ਦੇ ਤੀਜੇ ਦਿਨ ਵੱਡੀ ਗਿਣਤੀ ’ਚ ਸ਼ਰਧਾਲੂ ਕਥਾ ਸੁਣਨ ਲਈ ਪਹੁੰਚੇ। ਇਸ ਦੌਰਾਨ ਮੰਦਰ ਦਾ ਵਿਹੜਾ ਭਗਵਾਨ ਸ੍ਰੀ ਰਾਮ ਚੰਦਰ ਅਤੇ ਵੀਰ ਬਜਰੰਗ ਬਲੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਤੀਜੇ ਦਿਨ ਕਥਾ ਵਿਆਸ ਪੰਡਿਤ ਸੀਤਾ ਰਾਮ ਵ੍ਰਿੰਦਾਵਨ ਧਾਮ ਵਾਲੇ ਨੇ ਸ੍ਰੀ ਰਾਮ ਕਥਾ ਸੁਣਾਉਂਦੇ ਹੋਏ ਜਿੱਥੇ ਸ਼ਰਧਾਲੂਆਂ ਨੂੰ ਮੰਤਰਮੁੱਗਧ ਕੀਤਾ, ਉੱਥੇ ਹੀ ਭਜਨ ਗੰਗਾ ’ਚ ਡੁਬਕੀਆਂ ਵੀ ਲਗਵਾਈ। ਕਥਾ ਤੋਂ ਪਹਿਲਾਂ ਪੂਜਨ ਹੋਇਆ। ਜੋਤ ਪ੍ਰਚੰਡ ਕਰਨ ਦੀ ਰਸਮ ਮੁੱਖ ਮਹਿਮਾਨ ਕਾਂਗਰਸ ਦੇ ਬਲਾਕ ਪ੍ਰਧਾਨ ਤੇਜਿੰਦਰ ਸਿੰਘ ਬੱਬੂ ਬਾਂਸਲ, ਸਾਬਕਾ ਬਲਾਕ ਪ੍ਰਧਾਨ ਸੁਸ਼ੀਲ ਕੁਮਾਰ ਹੈਪੀ ਗਰਗ, ਰਾਜੇਸ਼ ਗਰਗ, ਅਸ਼ੋਕ ਕੁਮਾਰ ਗੁਪਤਾ, ਮਾਸਟਰ ਬ੍ਰਿਜ ਲਾਲ ਅਤੇ ਐਸ.ਬੀ.ਆਈ. ਦੇ ਸੇਵਾਮੁਕਤ ਕਰਮਚਾਰੀ ਪਵਨ ਸੈਨ ਨੇ ਸਾਂਝੇ ਤੌਰ ’ਤੇ ਨਿਭਾਈ। ਕਥਾ ਦੀ ਸ਼ੁਰੂਆਤ ਰੋਜ਼ਾਨਾ ਦੀ ਤਰ੍ਹਾਂ ਸੰਗੀਤਮਈ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਹੋਈ। ਸ੍ਰੀ ਰਾਮ ਕਥਾ ਤੇ ਚਰਚਾ ਕਰਦਿਆਂ ਪੰਡਿਤ ਸੀਤਾ ਰਾਮ ਜੀ ਨੇ ਕਿਹਾ ਕਿ ਕਰਮਾਂ ਤੋਂ ਹਮੇਸ਼ਾ ਸਾਵਧਾਨ ਰਹੋ ਅਤੇ ਜੋ ਵੀ ਹੋ ਰਿਹਾ ਹੈ ਉਸ ’ਚ ਹਮੇਸ਼ਾ ਪ੍ਰਸੰਨ ਰਹੋ। ਕਰਮ ਦਾ ਫਲ ਜ਼ਰੂਰ ਮਿਲਦਾ ਹੈ, ਇਸ ਲਈ ਕਰਮ ਕਰਦੇ ਸਮੇਂ ਸਾਵਧਾਨੀ ਵਰਤੋ ਅਤੇ ਸੋਚੋ ਕਿ ਤੁਸੀਂ ਜੋ ਕਰਮ ਕਰ ਰਹੇ ਹੋ, ਉਸ ਦਾ ਕੀ ਲਾਭ ਹੋਵੇਗਾ। ਇਸੇ ਤਰ੍ਹਾਂ ਹਾਲਾਤ ਵਿੱਚ ਹਮੇਸ਼ਾ ਖੁਸ਼ ਰਹੋ, ਕੁਝ ਵੀ ਹੋ ਸਕਦਾ ਹੈ। ਕਦੇ ਵੀ ਨਿਰਾਸ਼ ਨਾ ਹੋਵੇ, ਤਾਂ ਹੀ ਜੀਵਨ ਸਰਲਤਾ ਅਤੇ ਸੌਖ ਨਾਲ ਜੀਵਿਆ ਜਾ ਸਕਦਾ ਹੈ। ਪੰਡਿਤ ਜੀ ਨੇ ਦਸ਼ਰਥ ਅਤੇ ਦਸ਼ਾਨਨ (ਰਾਵਣ) ਬਾਰੇ ਚਰਚਾ ਕਰਦਿਆਂ ਕਿਹਾ ਕਿ ਦਸ਼ਰਥ ਉਹ ਹੈ ਜਿਸ ਨੇ ਆਪਣੀਆਂ ਦਸੇ ਇੰਦਰੀਆਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ ਅਤੇ ਦਸ਼ਾਨਨ ਉਹ ਹੈ ਜਿਸ ਦੀਆਂ ਇੰਦਰੀਆਂ ਉਸ ਦੇ ਵੱਸ ਵਿੱਚ ਨਹੀਂ ਹਨ। ਇਸ ਲਈ ਦਸ਼ਰਥ ਬਣਨ ਦਾ ਯਤਨ ਕਰੋ ਨਾ ਕਿ ਦਸ਼ਾਨਨ। ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਦਸ਼ਰਥ ਦੇ ਘਰ ਜਨਮ ਲਿਆ ਅਤੇ ਦਸ਼ਾਨਨ ਦਾ ਅੰਤ ਕੀਤਾ। ਪੰਡਿਤ ਸ਼ਿਵ ਕਾਂਤ ਸ਼ਾਸਤਰੀ ਜੀ ਨੇ ਦੱਸਿਆ ਕਿ ਇਹ ਨੌਂ ਰੋਜ਼ਾ ਕਥਾ ਰੋਜ਼ਾਨਾ ਸ਼ਾਮ 3:30 ਤੋਂ 6:30 ਵਜੇ ਤੱਕ 5 ਅਪ੍ਰੈਲ (ਐਤਵਾਰ) ਤੱਕ ਚੱਲੇਗੀ। ਕਥਾ ਦੀ ਸਮਾਪਤੀ 5 ਅਪ੍ਰੈਲ ਨੂੰ ਹਵਨ ਨਾਲ ਹੋਵੇਗੀ ਅਤੇ ਦੁਪਹਿਰ 12:15 ਵਜੇ ਸਮਾਪਣ ਉਪਰੰਤ ਪ੍ਰਸਾਦ ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਥਾ ਦੌਰਾਨ ਰੋਜ਼ਾਨਾ ਸ਼ਰਧਾਲੂਆਂ ਤੋਂ ਸ੍ਰੀ ਰਾਮਚਰਿਤ ਮਾਨਸ ਅਤੇ ਰਾਮ ਜੀ ਦੇ ਜੀਵਨ ਨਾਲ ਸਬੰਧਤ ਤਿੰਨ ਸਵਾਲ ਪੁੱਛੇ ਜਾਂਦੇ ਹਨ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਸਨਾਤਨ ਸੰਸਕ੍ਰਿਤੀ ਨਾਲ ਜੋੜਨਾ ਹੈ। ਇਸ ਮੌਕੇ ਪੰਡਿਤ ਪ੍ਰਤਾਪ ਸ਼ਾਸਤਰੀ, ਪੰਡਿਤ ਸਤਵੀਰ ਸ਼ਾਸਤਰੀ, ਪੰਡਿਤ ਚੰਦਰ ਮੋਹਨ ਸ਼ਰਮਾ, ਜਗਦੀਸ਼ ਚੰਦਰ ਜੋਸ਼ੀ, ਜੈ ਕ੍ਰਿਸ਼ਨ ਯਾਦਵ, ਓਮ ਪ੍ਰਕਾਸ਼ ਗੁੰਬਰ, ਤਿਲਕ ਰਾਜ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।