ਬਸੰਤ ਕੁਮਾਰ ਪਰਜਾਪਤ ਨੇ ਬੇਟੀ ਤਮੰਨਾ ਦਾ ਕੀਤਾ ਸਨਮਾਨ
ਬਸੰਤ ਕੁਮਾਰ ਪਰਜਾਪਤ ਨੇ ਬੇਟੀ ਤਮੰਨਾ ਦਾ ਡਾ. ਅੰਬੇਦਕਰ ਜੀ ਦੀ ਤਸਵੀਰ ਨਾਲ ਕੀਤਾ ਸਨਮਾਨ
Publish Date: Tue, 21 Apr 2026 05:20 PM (IST)
Updated Date: Wed, 22 Apr 2026 04:02 AM (IST)
ਤਮੰਨਾ ਨੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਰਚਿਆ ਇਤਿਹਾਸ : ਬਸੰਤ ਕੁਮਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਪ੍ਰਜਾਪਤ ਸਭਾ ਜੈਤੋ ਵੱਲੋਂ ਪੰਜਾਬ ਭਰ ਵਿੱਚੋਂ 8ਵੀਂ ਜਮਾਤ ’ਚੋਂ ਪਹਿਲੇ ਸਥਾਨ ’ਤੇ ਆਉਣ ਵਾਲੀ ਹੋਣਹਾਰ ਵਿਦਿਆਰਥਣ ਤਮੰਨਾ ਪ੍ਰਜਾਪਤੀ ਲਈ ਕਰਵਾਏ ਗਏ ਸਨਮਾਨ ਸਮਾਰੋਹ ’ਚ ਭਾਰੀ ਗਿਣਤੀ ਵਿੱਚ ਬਰਾਦਰੀ ਨਾਲ ਸਬੰਧਤ ਪਤਵੰਤਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਬਸੰਤ ਕੁਮਾਰ ਪ੍ਰਜਾਪਤੀ ਕੋਟਕਪੂਰਾ ਜ਼ਿਲ੍ਹਾ ਜਨਰਲ ਸਕੱਤਰ ਬਸਪਾ ਨੇ ਬੇਟੀ ਤਮੰਨਾ ਪ੍ਰਜਾਪਤੀ ਦਾ ਡਾ. ਭੀਮ ਰਾਉ ਅੰਬੇਡਕਰ ਜੀ ਦੀ ਤਸਵੀਰ ਅਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ।
ਇਸ ਮੌਕੇ ਬਸੰਤ ਕੁਮਾਰ ਪਰਜਾਪਤ ਨੇ ਆਖਿਆ ਕਿ ਕੋਈ ਸਮਾ ਸੀ ਜਦੋਂ ਮਾਪੇ ਆਪਣੀਆਂ ਲੜਕੀਆਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਸਨ ਭੇਜਦੇ ਤੇ ਚੁੱਲੇ ਚੌਂਕੇ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ ਪਰ ਜਦੋਂ ਸਮਾਜ ਨੇ ਮੌਕਾ ਦਿੱਤਾ ਤਾਂ ਉਨ੍ਹਾਂ ਲੜਕਿਆਂ ਤੋਂ ਅੱਗੇ ਦੋ ਕਦਮ ਅੱਗੇ ਹੋ ਕੇ ਸਾਬਿਤ ਕੀਤਾ ਕਿ ਉਹ ਕਿਸੇ ਵੀ ਖੇਤਰ ਵਿੱਚ ਨਹੀਂ ਹਨ। ਬਸੰਤ ਕੁਮਾਰ ਨੇ ਆਖਿਆ ਕਿ ਜੈਤੋ ਕਸਬੇ ਦੀ ਧੀ ਜਦੋਂ ਜੰਮੀ ਤਾਂ ਮਾਪਿਆਂ ਨੇ ਨਾਮ ਰੱਖਿਆ ਤਮੰਨਾ, ਜਿਸ ਨੇ ਅਣਥੱਕ ਮਿਹਨਤ ਕੀਤੀ ਤੇ ਫਿਰ ਇਹ ਕਿਵੇਂ ਹੋ ਸਕਦਾ ਸੀ ਕਿ ਮਾਪਿਆਂ ਦੀ ਤਮੰਨਾ ਪੂਰੀ ਨਾ ਹੁੰਦੀ।
ਤਮੰਨਾ ਨੇ ਪੂਰੇ ਅੰਕਾਂ ਵਿੱਚੋਂ ਇਕ ਨੰਬਰ ਵੀ ਕੱਟਣ ਨਹੀਂ ਦਿੱਤਾ ਤੇ 600 ਵਿੱਚੋਂ 600 ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸਕੂਲ ਸਟਾਫ ਅਤੇ ਜੈਤੋ ਇਲਾਕੇ ਦਾ ਨਾਮ ਸੁਨਹਿਰੀ ਅੱਖਾਂ ਵਿੱਚ ਲਿਖ ਦਿੱਤਾ। ਮਾਪਿਆਂ ਨੂੰ ਦੱਸ ਦਿੱਤਾ ਕਿ ਤਮੰਨਾ ਤੁਹਾਡੇ ਸਿਰ ਦਾ ਤਾਜ ਹੈ ਤੇ ਤੁਹਾਨੂੰ ਉਸ ’ਤੇ ਮਾਣ ਹੋਣਾ ਚਾਹੀਦਾ ਹੈ। ਇਸ ਮੌਕੇ ਬਸੰਤ ਕੁਮਾਰ ਨਾਲ ਉਪਰੋਕਤ ਤੋਂ ਇਲਾਵਾ ਮਦਨ ਨਾਲ ਮਾਲ ਚੇਅਰਮੈਨ ਪ੍ਰਜਾਪਤ ਕੁੰਮਹਾਰ ਮਹਾਂਸੰਘ ਪੰਜਾਬ, ਰਵੀ ਕੁਮਾਰ ਜਨਰਲ ਸੈਕਟਰੀ ਦਕਸ਼ ਪ੍ਰਜਾਪਤੀ ਨੌਜਵਾਨ ਸਭਾ ਅਬੋਹਰ, ਅਮਰਜੀਤ ਕੁਮਾਰ ਬਕਵਾਸੀਆ ਪ੍ਰਧਾਨ ਪ੍ਰਜਾਪਤ ਸਭਾ ਜੈਤੋ ਅਤੇ ਤਮੰਨਾ ਪ੍ਰਜਾਪਤੀ ਦੇ ਪਿਤਾ ਨਰਿੰਦਰ ਕੁਮਾਰ ਜੈਤੋ ਹਾਜ਼ਰ ਸਨ।