ਬਾਰ੍ਹਵੀਂ ਦੇ ਨਤੀਜਿਆਂ ’ਚ ਬਾਬਾ ਫਰੀਦ ਸਕੂਲ ਛੱਤਿਆਣਾ ਦਾ ਦਬਦਬਾ
ਬਾਰ੍ਹਵੀਂ ਦੇ ਨਤੀਜਿਆਂ ’ਚ ਬਾਬਾ ਫਰੀਦ ਸਕੂਲ ਛੱਤਿਆਣਾ ਦਾ ਦਬਦਬਾ
Publish Date: Wed, 13 May 2026 06:32 PM (IST)
Updated Date: Wed, 13 May 2026 06:33 PM (IST)

-ਜ਼ਿਲ੍ਹੇ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਤੇ ਜੜਿਆ ਪੰਜਾ ਜਗਸੀਰ ਸਿੰਘ, ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ (ਆਰਟਸ ਸਟਰੀਮ) ਦੇ ਨਤੀਜਿਆਂ ’ਚ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦੀਆਂ ਵਿਦਿਆਰਥਣਾਂ ਨੇ ਇਤਿਹਾਸਕ ਪ੍ਰਾਪਤੀ ਕਰਦਿਆਂ ਜ਼ਿਲ੍ਹੇ ਭਰ ਵਿੱਚੋਂ ਪਹਿਲੇ ਤਿੰਨ ਸਥਾਨਾਂ ਤੇ ਕਬਜ਼ਾ ਕੀਤਾ ਹੈ। ਸਕੂਲ ਦੀਆਂ ਇਨ੍ਹਾਂ ਹੋਣਹਾਰ ਧੀਆਂ ਦੀ ਸਫਲਤਾ ਨੇ ਇਲਾਕੇ ’ਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਐੱਮਡੀ ਹਰਜੀਤ ਸਿੰਘ ਬਰਾੜ ਅਤੇ ਪ੍ਰਿੰਸੀਪਲ ਪਰਮਜੀਤ ਕੌਰ ਬਰਾੜ ਨੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਰਮਨਦੀਪ ਕੌਰ ਪੁੱਤਰੀ ਬਲਕਰਨ ਸਿੰਘ ਨੇ 500 ਵਿੱਚੋਂ 491 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਤੇ ਮੈਰਿਟ ਸੂਚੀ ’ਚ 10ਵਾਂ ਰੈਂਕ ਹਾਸਲ ਕੀਤਾ। ਨੂਰਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਨੇ 500 ਵਿੱਚੋਂ 489 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਤੇ ਮੈਰਿਟ ਸੂਚੀ ’ਚ 12ਵਾਂ ਰੈਂਕ ਪ੍ਰਾਪਤ ਕੀਤਾ। ਸੁਖਦੀਪ ਕੌਰ ਪੁੱਤਰੀ ਗੋਬਿੰਦ ਸਿੰਘ ਨੇ 500 ਵਿੱਚੋਂ 484 ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਤੇ ਮੈਰਿਟ ’ਚ 17ਵਾਂ ਰੈਂਕ ਮੱਲਿਆ। ਬਿਨਾਂ ਟਿਊਸ਼ਨ ਤੇ ਸੋਸ਼ਲ ਮੀਡੀਆ ਤੋਂ ਰੱਖੀ ਦੂਰੀ ਜ਼ਿਲ੍ਹੇ ਵਿੱਚੋਂ ਅੱਵਲ ਰਹੀ ਰਮਨਦੀਪ ਕੌਰ ਨੇ ਆਪਣੀ ਸਫਲਤਾ ਦਾ ਰਾਜ਼ ਸਾਂਝਾ ਕਰਦਿਆਂ ਦੱਸਿਆ ਕਿ ਉਹ ਰੋਜ਼ਾਨਾ 7 ਤੋਂ 8 ਘੰਟੇ ਪੜ੍ਹਾਈ ਕਰਦੀ ਸੀ। ਉਸਨੇ ਬਿਨਾਂ ਕਿਸੇ ਬਾਹਰੀ ਟਿਊਸ਼ਨ ਦੇ ਸਿਰਫ਼ ਸਕੂਲ ਦੀ ਪੜ੍ਹਾਈ ਦੇ ਦਮ ’ਤੇ ਇਹ ਮੁਕਾਮ ਹਾਸਲ ਕੀਤਾ। ਰਮਨਦੀਪ ਨੇ ਕਿਹਾ, ਮੈਂ ਮੋਬਾਇਲ ਦੀ ਵਰਤੋਂ ਸਿਰਫ਼ ਪੜ੍ਹਾਈ ਲਈ ਕੀਤੀ ਅਤੇ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ। ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਰਮਨਦੀਪ ਭਵਿੱਖ ’ਚ ਜੱਜ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ। ਵੱਡੇ ਸੁਪਨੇ ਤੇ ਉੱਚੀਆਂ ਉਡਾਣਾਂ ਦੂਜੇ ਸਥਾਨ ਤੇ ਰਹੀ ਨੂਰਪ੍ਰੀਤ ਕੌਰ ਜਿੱਥੇ ਪੜ੍ਹਾਈ ਵਿੱਚ ਮੋਹਰੀ ਹੈ, ਉੱਥੇ ਹੀ ਉਹ ਖੋ-ਖੋ ਦੀ ਨੈਸ਼ਨਲ ਖਿਡਾਰਨ ਵੀ ਹੈ। ਉਹ ਭਵਿੱਖ ਵਿੱਚ ਵਕੀਲ ਬਣਨਾ ਚਾਹੁੰਦੀ ਹੈ। ਸੁਖਦੀਪ ਦਾ ਨਿਸ਼ਾਨਾ ਪੀਸੀਐੱਸ ਅਫ਼ਸਰ ਬਣਨਾ ਤੀਜਾ ਸਥਾਨ ਹਾਸਲ ਕਰਨ ਵਾਲੀ ਸੁਖਦੀਪ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਸਖ਼ਤ ਮਿਹਨਤ ਸਿਰ ਬੰਨ੍ਹਦਿਆਂ ਕਿਹਾ ਕਿ ਉਸ ਦਾ ਨਿਸ਼ਾਨਾ ਪੀ.ਸੀ.ਐੱਸ. (PCS) ਅਫ਼ਸਰ ਬਣਨਾ ਹੈ। ਸਕੂਲ ਪ੍ਰਬੰਧਕਾਂ ਨੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਜੋ ਕਿ ਕਿਰਤੀ, ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਸੀਮਤ ਸਾਧਨਾਂ ਦੇ ਬਾਵਜੂਦ ਵੀ ਅਸਮਾਨ ਛੂਹਿਆ ਜਾ ਸਕਦਾ ਹੈ।