ਅਨੀਮੀਆ ਮੁਕਤ ਭਾਰਤ ਤਹਿਤ ਸੈਮੀਨਾਰ ਕਰਵਾਇਆ
ਅਨੀਮੀਆ ਮੁਕਤ ਭਾਰਤ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ
Publish Date: Thu, 07 May 2026 03:55 PM (IST)
Updated Date: Fri, 08 May 2026 04:03 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ. ਪਰਵਜੀਤ ਸਿੰਘ ਗੁਲਾਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਪੁਨੀਤ ਕਾਜਲ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਰੀਦਕੋਟ ਵਿਖੇ “ਅਨੀਮੀਆ ਮੁਕਤ ਭਾਰਤ” ਮੁਹਿੰਮ ਤਹਿਤ ਲੋਕਾਂ ਨੂੰ ਖੂਨ ਦੀ ਕਮੀ (ਅਨੀਮੀਆ) ਬਾਰੇ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਉਦੇਸ਼ ਗਰਭਵਤੀ ਮਹਿਲਾਵਾਂ, ਕਿਸ਼ੋਰੀਆਂ ਅਤੇ ਬੱਚਿਆਂ ਵਿੱਚ ਅਨੀਮੀਆ ਦੀ ਸਮੱਸਿਆ ਬਾਰੇ ਜਾਣਕਾਰੀ ਦੇਣਾ ਅਤੇ ਇਸ ਤੋਂ ਬਚਾਅ ਲਈ ਉਪਾਅ ਸਾਂਝੇ ਕਰਨਾ ਸੀ। ਸੈਮੀਨਾਰ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਪੁਨੀਤ ਕਾਜਲ, ਮੈਡੀਕਲ ਅਫਸਰ ਡਾ. ਕਿਰਨਦੀਪ ਕੌਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਆਮ ਤੌਰ ‘ਤੇ ਥਕਾਨ, ਸਰੀਰਕ ਕਾਰਜ ਸਮਰੱਥਾ ਦੀ ਕਮੀ ਅਤੇ ਸਾਹ ਚੜ੍ਹਨ ਜਿਹੇ ਲੱਛਣਾਂ ਦੇ ਜ਼ਰੀਏ ਅਨੀਮੀਆ ਦੀ ਪਹਿਚਾਣ ਹੁੰਦੀ ਹੈ। ਅਨੀਮੀਆ ਦਾ ਇਲਾਜ ਅਤੇ ਇਸ ਦੀ ਰੋਕਥਾਮ ਇਸਦੇ ਮੂਲ ਕਾਰਨ ਤੇ ਨਿਰਭਰ ਕਰਦੀ ਹੈ। ਪਰ ਫਿਰ ਵੀ ਇਸ ਨੂੰ ਅਕਸਰ ਖੁਰਾਕ ਵਿੱਚ ਬਦਲਾਅ ਕਰਕੇ ਠੀਕ ਕੀਤਾ ਜਾ ਸਕਦਾ ਹੈ ਜਿਵੇਂ ਕਿ ਆਇਰਨ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਜਿਵੇਂ ਕਿ ਫੋਲੇਟ, ਵਿਟਾਮਿਨ ਬੀ12, ਅਤੇ ਵਿਟਾਮਿਨ ਏ ਦਾ ਸੇਵਨ ਕਰਨਾ, ਸੰਤੁਲਿਤ ਖੁਰਾਕ ਬਣਾਈ ਰੱਖਣਾ ਅਤੇ ਡਾਕਟਰ ਦੀ ਸਲਾਹ ਨਾਲ ਖੁਰਾਕ ਲੈਣਾ। ਉਹਨਾਂ ਵੱਲੋਂ ਲੋਕਾਂ ਨੂੰ ਆਇਰਨ ਫੋਲਿਕ ਐਸਿਡ ਗੋਲੀਆਂ ਦੇ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ “ਐਨੀਮੀਆ ਮੁਕਤ ਭਾਰਤ” ਮੁਹਿੰਮ ਤਹਿਤ ਲੋਕਾਂ ਦੀ ਸਿਹਤ ਸੁਧਾਰ ਲਈ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਸਿਹਤ ਵਿਭਾਗ ਦੀਆਂ ਸਕੂਲ ਹੈਲਥ ਟੀਮਾਂ ਵੱਲੋਂ ਵੀ ਸਕੂਲਾਂ ਵਿੱਚ ਵਿਸ਼ੇਸ਼ ਦੌਰਾ ਕਰਕੇ 10 ਤੋਂ 19 ਸਾਲ ਤੱਕ ਦੀਆਂ ਬੱਚੀਆਂ ਦੀ ਖੂਨ ਦੀ ਜਾਂਚ ਕਰਕੇ ਅਨੀਮਿਕ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ । ਇਸ ਮੌਕੇ ਫਾਰਮੇਸੀ ਅਫਸਰ ਨਵਕਾਸ਼ ਸਿੰਘ, ਅਰਸ਼ਦੀਪ ਸਿੰਘ, ਗਗਨਦੀਪ ਕੌਰ, ਫੈਸਿਲਟੀ ਮੈਨੇਜਰ ਵੀਰਪਾਲ ਕੌਰ ਅਤੇ ਨਰਸਿੰਗ ਵਿਦਿਆਰਥੀ ਹਾਜਰ ਸਨ।