ਆਰਕੇਐੱਸ ਸਕੂਲ ’ਚ ਗਣਿਤ ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ
ਆਰਕੇਐੱਸ ਸੀਨੀਅਰ ਸੈਕੰਡਰੀ
Publish Date: Sun, 03 May 2026 03:45 PM (IST)
Updated Date: Mon, 04 May 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਕਲਾਸ ਤੀਜੀ ਤੋਂ ਨੌਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਆਈਟੀ ਅਤੇ ਗਣਿਤ ਵਿਸ਼ੇ ਉੱਤੇ ਇਕ ਆਕਰਸ਼ਕ ਪ੍ਰਦਰਸ਼ਨੀ ਕਰਵਾਈ ਗਈ। ਇਸ ਪ੍ਰਦਰਸ਼ਨੀ ਦਾ ਉਦੇਸ਼ ਵਿਦਿਆਰਥੀਆਂ ਵਿਚ ਰਚਨਾਤਮਿਕਤਾ, ਤਕਨੀਕੀ ਗਿਆਨ ਅਤੇ ਗਣਿਤ ਸਮਝ ਨੂੰ ਵਿਕਸਿਤ ਕਰਨਾ ਸੀ। ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਆਈਟੀ (ਕੰਪਿਊਟਰ) ਨਾਲ ਸੰਬੰਧਤ ਕਈ ਪ੍ਰੋਜੈਕਟ ਅਤੇ ਗਣਿਤ ਦੇ ਵੱਖ-ਵੱਖ ਮਾਡਲ ਪੇਸ਼ ਕੀਤੇ। ਬੱਚਿਆਂ ਨੇ ਕੰਪਿਊਟਰ ਆਧਾਰਿਤ ਪ੍ਰੈਜ਼ੈਂਟੇਸ਼ਨ , ਚਾਰਟਾਂ, ਗ੍ਰਾਫ਼ਿਕਸ ਅਤੇ ਵੱਖ-ਵੱਖ ਸਾਫ਼ਟਵੇਅਰ ਦੀ ਵਰਤੋਂ ਕਰਦੇ ਹੋਏ ਆਪਣੇ ਪ੍ਰੋਜੈਕਟ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ। ਗਣਿਤ ਵਿਸ਼ੇ ਦੇ ਅਧੀਨ ਵਿਦਿਆਰਥੀਆਂ ਨੇ ਕਈ ਕਿਸਮ ਦੇ ਮਾਡਲ ਤਿਆਰ ਕੀਤੇ, ਜਿਨ੍ਹਾਂ ’ਚੋਂ ਕਈ ਮਾਡਲ ਕਾਰਗਰ (ਵਰਕਿੰਗ) ਸਨ। ਇਨ੍ਹਾਂ ਮਾਡਲਾਂ ਰਾਹੀਂ ਬੱਚਿਆਂ ਨੇ ਜਟਿਲ ਗਣਿਤੀ ਸਿਧਾਂਤਾਂ ਨੂੰ ਸੌਖੇ ਅਤੇ ਦਿਲਚਸਪ ਢੰਗ ਨਾਲ ਸਮਝਾਇਆ। ਪ੍ਰਦਰਸ਼ਨੀ ਵਿਚ ਆਏ ਮਾਪਿਆਂ ਨੇ ਬੱਚਿਆਂ ਦੀ ਮਿਹਨਤ, ਸਮਝ ਅਤੇ ਪ੍ਰਸਤੁਤੀ ਕੌਸ਼ਲ ਦੀ ਖੂਬ ਸਰਾਹਨਾ ਕੀਤੀ। ਸਕੂਲ ਦੇ ਮੁੱਖ ਅਧਿਆਪਿਕਾ ਰਜਨੀ ਅਰੋੜਾ ਨੇ ਗਣਿਤ ਅਧਿਆਪਕ ਗੁਰਜੰਟ, ਤਰਸੇਮ ਅਤੇ ਸ਼ਿਵਮ ਅਤੇ ਆਈਟੀ ਵਿਭਾਗ ਦੀਆਂ ਅਧਿਆਪਿਕਾਵਾਂ ਸੁਜਾਤਾ, ਦੀਪਿੰਦਰ ਅਤੇ ਰੇਖਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਾਂਗੀਣ ਵਿਕਾਸ ਵਿਚ ਸਹਾਇਕ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਵਿਵਹਾਰਿਕ ਗਿਆਨ ਪ੍ਰਦਾਨ ਕਰਦੀਆਂ ਹਨ। ਇਹ ਪ੍ਰਦਰਸ਼ਨੀ ਨਾ ਸਿਰਫ਼ ਵਿਦਿਆਰਥੀਆਂ ਲਈ ਸਿੱਖਣ ਦਾ ਸਾਧਨ ਬਣੀ, ਸਗੋਂ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵੀ ਵਧਾਉਣ ’ਚ ਮਦਦਗਾਰ ਸਾਬਤ ਹੋਈ।