ਆਦਰਸ਼ ਸਕੂਲ ਟੀਚਿੰਗ ਅਤੇ ਨਾਨ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਆਦਰਸ਼ ਸਕੂਲ ਟੀਚਿੰਗ ਅਤੇ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਬਣਾਉਣ ਦੇ ਮਕਸਦ ਨਾਲ ਸੂਬਾ ਪੱਧਰ ’ਤੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ, ਸੂਬਾ ਸਕੱਤਰ ਸੁਖਦੀਪ ਕੌਰ ਸਰਾਂ ਅਤੇ ਸੂਬਾ ਮੀਤ ਪ੍ਰਧਾਨ ਮੀਨੂੰ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੇ ਪੁਰਾਣੇ ਅਹੁਦੇਦਾਰਾਂ ਦੀ ਥਾਂ ਨਵੇਂ ਅਤੇ ਸਰਗਰਮ ਸਾਥੀਆਂ ਨੂੰ ਮੌਕਾ ਦਿੱਤਾ ਗਿਆ ਹੈ ਤਾਂ ਜੋ ਸੰਘਰਸ਼ ਨੂੰ ਹੋਰ ਤਾਕਤ ਮਿਲ ਸਕੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੀ ਇਹ ਪੁਰਾਣੀ ਅਤੇ ਲੋਕਤਾਂਤਰਿਕ ਪਰੰਪਰਾ ਰਹੀ ਹੈ ਕਿ ਸਮੇਂ-ਸਮੇਂ ’ਤੇ ਅਹੁਦੇਦਾਰਾਂ ਵਿਚ ਬਦਲਾਅ ਕਰਕੇ ਨਵੇਂ ਚਿਹਰਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ। ਯੂਨੀਅਨ ਵੱਲੋਂ ਕੀਤੀਆਂ ਨਵੀਆਂ ਨਿਯੁਕਤੀਆਂ ਅਨੁਸਾਰ ਸੂਬਾ ਸਹਾਇਕ ਸਕੱਤਰ ਸਲੀਮ ਮੁਹੰਮਦ ਦੀ ਥਾਂ ਸੁਨੀਤਾ ਸ਼ਰਮਾ ਨੂੰ ਕਾਲੇਕੇ ਸਕੂਲ ਤੋਂ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੀਨੀਅਰ ਸਹਾਇਕ ਸਕੱਤਰ ਅਮਨ ਸ਼ਾਸਤਰੀ ਦੀ ਥਾਂ ਹਰਿ ਸਿਮਰਨ ਸਿੰਘ ਔਲਖ ਨੂੰ ਹਰਦਾਸਾ ਸਕੂਲ ਤੋਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਸੂਬਾ ਵਿੱਤ ਸਕੱਤਰ ਭੁਪਿੰਦਰ ਕੌਰ ਦੀ ਥਾਂ ਪਵਨ ਕੁਮਾਰ ਨੂੰ ਹਰਦਾਸਾ ਸਕੂਲ ਤੋਂ ਨਿਯੁਕਤ ਕੀਤਾ ਗਿਆ, ਜਦਕਿ ਸਹਾਇਕ ਵਿੱਤ ਸਕੱਤਰ ਸਰਬਜੀਤ ਕੌਰ ਦੀ ਥਾਂ ਗੁਰਵੰਤ ਕੌਰ ਨੂੰ ਕਾਲੇਕੇ ਸਕੂਲ ਤੋਂ ਇਹ ਅਹੁਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਰਜੋਤ ਜੋਸ਼ੀ ਦੀ ਥਾਂ ਮਨਮੋਹਣ ਸਿੰਘ ਨੂੰ ਜੰਡਿਆਲਾ ਸਕੂਲ ਤੋਂ ਨਿਯੁਕਤ ਕੀਤਾ ਗਿਆ ਹੈ। ਸੂਬਾ ਸਹਾਇਕ ਮੀਡੀਆ ਇੰਚਾਰਜ ਗੁਰਜਿੰਦਰ ਰਾਮ ਦੀ ਥਾਂ ਚੰਦਰਸ਼ੇਖ਼ਰ ਨੂੰ ਜੰਡਿਆਲਾ ਸਕੂਲ ਤੋਂ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਜਥੇਬੰਦੀ ਦੇ ਆਗੂਆਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਹੱਕਾਂ ਲਈ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰਨਗੇ। ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਆਦਰਸ਼ ਸਕੂਲਾਂ ਵਿਚ ਕੰਮ ਕਰ ਰਹੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਹੱਲ ਲਈ ਯੂਨੀਅਨ ਲਗਾਤਾਰ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਵੇਤਨ, ਸੇਵਾ ਸੁਰੱਖਿਆ, ਪੱਕੀ ਭਰਤੀ ਅਤੇ ਹੋਰ ਭਲਾਈ ਸੰਬੰਧੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਯੂਨੀਅਨ ਵਚਨਬੱਧ ਹੈ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸੂਬਾ ਸਕੱਤਰ ਸੁਖਬੀਰ ਕੌਰ ਸਰਾਂ, ਸੂਬਾ ਮੀਤ ਪ੍ਰਧਾਨ ਮੀਨੂੰ ਬਾਲਾ, ਸੂਬਾ ਮੁੱਖ ਸਲਾਹਕਾਰ ਓਮਾ ਮਾਧਵੀ, ਸੂਬਾ ਸੀਨੀਅਰ ਮੀਤ ਪ੍ਰਧਾਨ ਮਨਮੋਹਣ ਸਿੰਘ, ਸੂਬਾ ਕਮੇਟੀ ਮੈਂਬਰ ਦੀਪਕ ਕੁਮਾਰ ਸਮੇਤ ਹੋਰ ਕਈ ਆਗੂ ਅਤੇ ਮੈਂਬਰ ਹਾਜ਼ਰ ਸਨ।