ਕੋਈ ਵੀ ਬੁਖ਼ਾਰ ਹੋ ਸਕਦਾ ਮਲੇਰੀਆ : ਡਾ. ਵਰਿੰਦਰ ਕੁਮਾਰ
ਕੋਈ ਵੀ ਬੁਖ਼ਾਰ ਹੋ ਸਕਦੇ ਮਲੇਰੀਆ : ਡਾ. ਵਰਿੰਦਰ ਕੁਮਾਰ
Publish Date: Wed, 06 May 2026 03:34 PM (IST)
Updated Date: Thu, 07 May 2026 04:02 AM (IST)

ਭੋਲਾ ਸ਼ਰਮਾ (ਪੱਤਰ ਪ੍ਰੇਰਕ) ਪੰਜਾਬੀ ਜਾਗਰਣ, ਜੈਤੋ : ਕੋਈ ਵੀ ਬੁਖ਼ਾਰ ਮਲੇਰੀਆ ਹੋ ਸਕਦਾ ਹੈ, ਮਲੇਰੀਆ ਬੁਖ਼ਾਰ ਮਾਦਾ ਮੱਛਰ ਦੇ ਕੱਟਣ ਨਾਲ ਫ਼ੈਲਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਮਲੇਰੀਆ ਇਕ ਕਿਸਮ ਦਾ ਗੰਭੀਰ ਬੁਖ਼ਾਰ ਹੈ, ਜੋ ਕਿ ਮਾਦਾ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫ਼ੈਲਦਾ ਹੈ। ਇਹ ਪਲਾਸਮੋਡੀਅਮ ਦੇ ਤੌਰ ’ਤੇ ਜਾਣੇ ਜਾਂਦੇ ਪਰਜੀਵੀ ਦੇ ਕਾਰਨ ਹੁੰਦਾ ਹੈ, ਜੋ ਪੈਰਾਸਾਈਡ ਹੈ। ਇਹ ਚਾਰ ਕਿਸਮਾਂ ਵਿਚ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਘਰਾਂ ’ਚ ਮੱਛਰਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਆਲੇ-ਦੁਆਲੇ ਨਾ ਤਾਂ ਪਾਣੀ ਨੂੰ ਖੜ੍ਹਾ ਹੋਣ ਦੇਣਾ ਚਾਹੀਦਾ ਅਤੇ ਨਾ ਹੀ ਕੂੜੇ ਦੇ ਢੇਰ ਲੱਗਣ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੱਛਰ ਦਾ ਲਾਰਵਾ ਪੈਦਾ ਹੋਣ ਲਈ ਇਕ ਚੱਮਚ ਪਾਣੀ ਹੀ ਕਾਫ਼ੀ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੱਤਾਂ ’ਤੇ ਟਾਇਰ, ਖ਼ਾਲੀ ਭਾਂਡੇ ਅਤੇ ਕਬਾੜ ਆਦਿ ਇਕੱਠਾ ਨਾ ਹੋਣ ਦੇਣ, ਕਿਉਂਕਿ ਮੀਂਹ ਦੇ ਦਿਨਾਂ ਵਿਚ ਇਨ੍ਹਾਂ ’ਚ ਪਾਣੀ ਆਦਿ ਇਕੱਠਾ ਹੋ ਜਾਂਦਾ ਹੈ ਅਤੇ ਇਹ ਮੱਛਰਾਂ ਦਾ ਲਾਰਵਾ ਪੈਦਾ ਕਰਨ ’ਚ ਸਹਾਈ ਬਣਦਾ ਹੈ। ਉਨ੍ਹਾਂ ਕਿਹਾ ਕਿ ਦਿਨ ਅਤੇ ਰਾਤ ਵੇਲੇ ਮੱਛਰਾਂ ਦੇ ਝੁੰਡ ਘਰਾਂ ’ਚ ਦਸਤਕ ਦਿੰਦੇ ਹਨ ਅਤੇ ਸਾਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਦੇਖਣ ਨੂੰ ਭਾਵੇਂ ਇਹ ਛੋਟਾ ਜਿਹਾ ਮੱਛਰ ਹੈ ਪਰ ਇਸ ਨੂੰ ਕਦੇ ਵੀ ਅਣਗੋਲਿਆ ਨਾ ਕੀਤਾ ਜਾਵੇ, ਕਿਉਂਕਿ ਇਸ ਨਾਲ ਮਲੇਰੀਆ, ਡੇਂਗੂ, ਚਿਕਨਗੁਨੀਆ ਆਦਿ ਰੋਗਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮਲੇਰੀਆ ਦੇ ਲੱਛਣਾਂ ਦਾ ਜ਼ਿਕਰ ਕਰਦਿਆਂ ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਬੁਖ਼ਾਰ ਨਾਲ ਸਿਰ ਦਰਦ, ਉਲਟੀਆਂ, ਠੰਢ ਤੇ ਹੱਥਾਂ ਪੈਰਾਂ ’ਚ ਅਕੇਵਾਂ ਰਹਿਣਾ ਅਤੇ ਕਾਂਬੇ ਨਾਲ ਤੇਜ਼ ਬੁਖ਼ਾਰ ਰਹਿਣਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਸਮੇਂ-ਸਮੇਂ ’ਤੇ ਜਾਗਰੂਕਤਾ ਕੰਪੈਨ ਚਲਾਕੇ ਲੋਕਾਂ ਨੂੰ ਮਲੇਰੀਆ, ਡੇਂਗੂ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੋਂ ਬਚਣਾ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਸ਼ੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਂਦਾ ਅਤੇ ਛੱਪੜਾਂ ਆਦਿ ’ਚ ਮੱਛਰਾਂ ਦੇ ਖ਼ਾਤਮੇ ਲਈ ਗੰਬੂਜੀਆਂ ਫਿਸ ਪਾਈਆਂ ਜਾਂਦੀਆਂ ਹਨ ਤਾਂ ਕਿ ਇਨ੍ਹਾਂ ’ਚ ਲਾਰਵਾ ਪੈਦਾ ਨਾ ਹੋਵੇ।