ਪਾਣੀ ਦੇ ਨਿਕਾਸ ਨੂੰ ਲੈ ਕੇ ਭਾਗਸਰ ’ਚ ਭਖ਼ਿਆ ਮਾਹੌਲ
ਪਾਣੀ ਦੇ ਨਿਕਾਸ ਨੂੰ ਲੈ ਕੇ ਪਿੰਡ ਭਾਗਸਰ ਵਿਖੇ ਭਖਿਆ ਮਾਹੌਲ
Publish Date: Tue, 31 Mar 2026 07:18 PM (IST)
Updated Date: Tue, 31 Mar 2026 07:22 PM (IST)

ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇੱਥੋਂ ਦੇ ਨੇੜਲੇ ਪਿੰਡ ਭਾਗਸਰ ਵਿਖੇ ਅੱਜ ਮਾਹੌਲ ਉਸ ਵੇਲੇ ਤਨਾਅ ਪੂਰਨ ਬਣ ਗਿਆ ਜਦੋਂ ਗਲੀਆਂ ਦੇ ਨਿਕਾਸੀ ਪਾਣੀ ਨੂੰ ਲੈ ਕੇ ਲੋਕ ਆਹਮੋ ਸਾਹਮਣੇ ਹੋ ਗਏ। ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਗਏ। ਇਸ ਦੌਰਾਨ ਵਿਰੋਧ ਕਰ ਰਹੇ ਲੋਕਾਂ ਨੂੰ ਅਖੀਰ ’ਚ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਲੋਕਾਂ ਦੇ ਵਿਦਰੋਹ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਾਪਸ ਚਲਾ ਗਿਆ। ਇਸ ਸੰਬੰਧ ’ਚ ਪਿੰਡ ਵਾਸੀ ਬਲਤੇਜ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਨੂਰ ਸਿੰਘ, ਰਮਣ ਕੌਰ ਆਦਿ ਨੇ ਸਾਂਝਾ ਬਿਆਨ ਦਿੰਦਿਆਂ ਕਿਹਾ ਕਿ ਪੰਚਾਇਤ ਦੇ ਦਖਲ ਨਾਲ ਕੁਝ ਪਿੰਡ ਦੇ ਵਿਅਕਤੀ ਗਲਤ ਤਰੀਕੇ ਨਾਲ ਪਾਣੀ ਦੀ ਨਿਕਾਸੀ ਸਾਡੇ ਨੀਵੇਂ ਘਰਾਂ ਵੱਲ ਕਰਾ ਰਹੇ ਹਨ ਜੋ ਕਿ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਜਿਸ ਨਾਲ ਪਿੰਡ ਦਾ ਸਾਰਾ ਪਾਣੀ ਸਾਡੇ ਨੀਵੇਂ ਘਰਾਂ ’ਚ ਆਣ ਇਕੱਠਾ ਹੋਵੇਗਾ ਅਤੇ ਸਾਡੇ ਮਕਾਨ ਡਿੱਗਣ ਦਾ ਖਤਰਾ ਹੋਵੇਗਾ। ਉਨ੍ਹਾਂ ਦੱਸਿਆ ਹੈ ਕਿ ਜਦੋਂ ਤੋਂ ਪਿੰਡ ਦੀ ਫਿਰਨੀ ਬਣੀ ਹੈ ਉਦੋਂ ਤੋਂ ਇਹ ਪਾਣੀ ਸਹੀ ਰਸਤੇ ਚੱਲ ਰਿਹਾ ਹੈ ਇਹ ਜਾਣ ਬੁੱਝ ਕੇ ਇਸਨੂੰ ਹੁਣ ਇਸ ਰਸਤੇ ’ਤੇ ਚਲਾ ਰਹੇ ਹਨ। ਸਾਡੇ ਸਾਰੇ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਪਰਿਵਾਰਾਂ ਨੇ ਬਿਨਾਂ ਕਿਸੇ ਮਨਜ਼ੂਰੀ ਤੋਂ 25 ਮਾਰਚ ਨੂੰ ਸੜਕ ਪੁੱਟ ਕੇ ਆਪਣੇ ਹੀ ਮਿਸਤਰੀ ਲਗਾ ਕੇ ਖਾਲੀ ਬਣਵਾ ਲਈ ਹੈ ਜਦੋਂ ਅਸੀਂ ਇਸ ਸਬੰਧ ’ਚ ਮਹਿਕਮੇ ਤੋਂ ਪਤਾ ਕੀਤਾ ਤਾਂ ਮਹਿਕਮੇ ਤੋਂ ਕਥਿਤ ਤੌਰ ’ਤੇ ਇਨ੍ਹਾਂ ਨੇ 30 ਮਾਰਚ ਦੀ ਐਨਓਸੀ ਲਈ ਹੈ ਹਾਲਾਂਕਿ ਇਨ੍ਹਾਂ ਨੇ ਖਾਲੀ ਤਾਂ ਪੰਜ ਦਿਨ ਪਹਿਲਾਂ ਹੀ ਬਣਾ ਲਈ ਸੀ ਅਸੀਂ ਮਹਿਕਮੇ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ। ਇਸ ਮੌਕੇ ਪਿਰਤਪਾਲ ਸਿੰਘ, ਰਾਜਵਿੰਦਰ ਸਿੰਘ ਮੈਂਬਰ, ਲਖਵਿੰਦਰ ਸਿੰਘ, ਜਸਕਰਨ ਸਿੰਘ, ਸਰਬਜੀਤ ਸਿੰਘ ਅਤੇ ਸ਼ਿਵਰਾਜ ਸਿੰਘ ਆਦਿ ਹਾਜ਼ਰ ਸਨ। ਮਹਿਕਮੇ ਦੀ ਮਨਜੂਰੀ ਨਾਲ ਹੋ ਰਿਹਾ ਕੰਮ : ਸਰਪੰਚ ਬਰਾੜ ਓਧਰ ਇਸ ਸਬੰਧ ’ਚ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਕਿਹਾ ਕਿ ਮਹਿਕਮੇ ਤੋਂ ਮਨਜ਼ੂਰੀ ਲੈ ਕੇ ਇਹ ਕੰਮ ਕਰ ਰਹੇ ਹਾਂ ਇਹ ਮਹਿਕਮੇ ਦੀ ਦੇਖਰੇਖ ਹੇਠ ਹੀ ਹੋ ਰਿਹਾ ਹੈ। ਦੂਜੀ ਧਿਰ ਬੇਅੰਤ ਸਿੰਘ ਤੇ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀਂ ਮਹਿਕਮੇ ਤੋਂ ਮਨਜ਼ੂਰੀ ਲਈ ਹੈ। ਮਹਿਕਮਾ ਹੀ ਖਾਲੀ ਬਣਾ ਰਿਹਾ ਹੈ। ਖਾਲੀ ਇੱਕ ਦੋ ਦਿਨ ਪਹਿਲਾਂ ਹੀ ਬਣੀ ਹੈ। ਅਸੀਂ ਕੁਝ ਵੀ ਗਲਤ ਨਹੀਂ ਕਰ ਰਹੇ। ਕੁਝ ਵਿਅਕਤੀ ਪਾਰਟੀਬਾਜ਼ੀ ਕਰਕੇ ਇਸਨੂੰ ਉਛਾਲ ਰਹੇ ਹਨ। ਇਹ ਕੰਮ ਸਾਡਾ ਮਹਿਕਮਾ ਨਹੀਂ ਕਰਵਾ ਰਿਹਾ : ਐਕਸੀਆਨ ਗਰਗ ਇਸ ਸਬੰਧ ’ਚ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਵਿਨਾਸ ਗਰਗ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੇ ਸਾਡੇ ਤੋਂ ਕੱਲ੍ਹ ਐਨਓਸੀ ਲਈ ਹੈ ਇਹ ਕੰਮ ਸਾਡਾ ਮਹਿਕਮਾ ਨਹੀਂ ਕਰਵਾ ਰਿਹਾ, ਇਹ ਪੰਚਾਇਤ ਹੀ ਕਰਵਾ ਰਹੀ ਹੈ। ਸਾਨੂੰ ਤਾਂ ਇਸ ਬਾਰੇ ਜਾਣਕਾਰੀ ਹੀ ਕੱਲ੍ਹ ਮਿਲੀ ਹੈ। ਪੰਜ ਦਿਨ ਪਹਿਲਾਂ ਸੜਕ ਪੁੱਟ ਕੇ ਖਾਲੀ ਬਣਾਉਣ ਦੇ ਸੰਬੰਧ ’ਚ ਉਨ੍ਹਾਂ ਕਿਹਾ ਕਿ ਜਦੋਂ ਹੀ ਸਾਨੂੰ ਪਤਾ ਲੱਗਿਆ ਅਸੀਂ ਪੰਚਾਇਤ ਨੂੰ ਸੂਚਿਤ ਕਰ ਦਿੱਤਾ ਸੀ ਬਿਨਾਂ ਮਨਜ਼ੂਰੀ ਤੋਂ ਕੋਈ ਵੀ ਕੰਮ ਨਾ ਕੀਤਾ ਜਾਵੇ, ਜੇਕਰ ਦੂਜੀ ਧਿਰ ਇਸ ਖਿਲਾਫ ਸਾਨੂੰ ਲਿਖ ਕੇ ਦਿੰਦੀ ਹੈ ਤਾਂ ਇਹ ਐਨਓਸੀ ਰੱਦ ਕਰ ਦਿੱਤੀ ਜਾਵੇਗੀ।