ਜ਼ਿਲ੍ਹਾ ਮੋਗਾ ਦੇ ਪਿੰਡ ਦੁਨੇਕੇ ਵਿਚ

ਨਿੱਜੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮੋਗਾ : ਜ਼ਿਲ੍ਹਾ ਮੋਗਾ ਦੇ ਪਿੰਡ ਦੁਨੇਕੇ ਵਿਚ ਸਿਵਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ। ਭਾਰਤ ਮਾਲਾ ਪ੍ਰੋਜੈਕਟ ਹੇਠ ਸੜਕ ਨਿਰਮਾਣ ਲਈ ਬਿਨਾਂ ਕਿਸੇ ਯੋਗ ਮੁਆਵਜ਼ੇ ਦੇ ਤਿੰਨ ਘਰਾਂ ਨੂੰ ਜੇਸੀਬੀ ਮਸ਼ੀਨਾਂ ਨਾਲ ਜਬਰਦਸਤੀ ਢਾਹ ਦਿੱਤਾ ਗਿਆ, ਜਿਸ ਕਾਰਨ ਪਿੰਡ ਵਿਚ ਤਣਾਅਪੂਰਨ ਮਾਹੌਲ ਬਣ ਗਿਆ। ਇਸ ਕਾਰਵਾਈ ਦਾ ਵਿਰੋਧ ਕਰ ਰਹੇ 14 ਲੋਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ, ਹਾਲਾਂਕਿ ਬਾਅਦ ਵਿਚ ਜਥੇਬੰਦੀਆਂ ਦੇ ਦਬਾਅ ਹੇਠ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਰਨਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਅਤੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ ਦੱਸਿਆ ਕਿ ਸਵੇਰੇ ਤੜਕੇ ਲਗਪਗ 5 ਵਜੇ ਤਹਿਸੀਲਦਾਰ ਦੀ ਅਗਵਾਈ ਵਿਚ ਪ੍ਰਸ਼ਾਸਨਕ ਟੀਮ ਭਾਰੀ ਪੁਲਿਸ ਬਲ ਦੇ ਨਾਲ ਪਿੰਡ ਵਿਚ ਦਾਖਲ ਹੋਈ। ਟੀਮ ਨਾਲ ਤਿੰਨ ਜੇਸੀਬੀ ਮਸ਼ੀਨਾਂ ਵੀ ਸਨ, ਜਿਨ੍ਹਾਂ ਦੀ ਮਦਦ ਨਾਲ ਘਰਾਂ ਨੂੰ ਢਾਹੁਣ ਦੀ ਕਾਰਵਾਈ ਤੁਰੰਤ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਪ੍ਰਸ਼ਾਸਨ ਇਹੀ ਕਾਰਵਾਈ ਕਰਨ ਲਈ ਪਹੁੰਚਿਆ ਸੀ, ਪਰ ਉਸ ਵੇਲੇ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਭਾਰੀ ਵਿਰੋਧ ਕਾਰਨ ਉਹਨਾਂ ਨੂੰ ਵਾਪਸ ਜਾਣਾ ਪਿਆ ਸੀ। ਉਸ ਸਮੇਂ ਪ੍ਰਸ਼ਾਸਨ ਨੇ ਲੋਕਾਂ ਨੂੰ 15 ਦਿਨਾਂ ਦਾ ਸਮਾਂ ਦੇਣ ਦਾ ਭਰੋਸਾ ਦਿੱਤਾ ਸੀ ਤਾਂ ਜੋ ਉਹ ਆਪਣੇ ਮੁਆਵਜ਼ੇ ਦੇ ਮਸਲੇ ਨੂੰ ਅਧਿਕਾਰੀਆਂ ਨਾਲ ਮਿਲ ਬੈਠ ਕੇ ਹੱਲ ਕਰ ਸਕਣ, ਪਰ ਇਸ ਵਾਅਦੇ ਨੂੰ ਪੂਰਾ ਨਾ ਕਰਦੇ ਹੋਏ ਅਚਾਨਕ ਕਾਰਵਾਈ ਕਰ ਦਿੱਤੀ ਗਈ। ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਕਈ ਵਾਰ ਐੱਸਡੀਐੱਮ ਮੋਗਾ, ਏਡੀਸੀ ਮੋਗਾ ਅਤੇ ਕਮਿਸ਼ਨਰ ਫਿਰੋਜ਼ਪੁਰ ਤੱਕ ਅਪੀਲ ਕੀਤੀ ਗਈ ਸੀ। ਕਮਿਸ਼ਨਰ ਵੱਲੋਂ ਮਾਮਲਾ ਡੀਸੀ ਮੋਗਾ ਕੋਲ ਭੇਜਿਆ ਗਿਆ, ਪਰ ਅਜੇ ਤੱਕ ਨਾ ਤਾਂ ਕਮਿਸ਼ਨਰ ਨੇ ਅਤੇ ਨਾ ਹੀ ਡੀਸੀ ਮੋਗਾ ਨੇ ਕੋਈ ਢੁੱਕਵਾਂ ਹੱਲ ਕੱਢਿਆ। ਹਰ ਪੱਧਰ ’ਤੇ ਸਿਰਫ਼ ਟਾਲਮਟੋਲ ਕਰਕੇ ਮਾਮਲੇ ਨੂੰ ਲਟਕਾਇਆ ਗਿਆ। ਜਦੋਂ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਇਸ ਜਬਰਦਸਤੀ ਕਾਰਵਾਈ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ 14 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਬਲਾਕ ਪ੍ਰਧਾਨ ਇਕਬਾਲ ਸਿੰਘ ਸਿਘਾਵਾਲਾ, ਜਗਦੇਵ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ, ਮਹਿੰਦਰ ਪਾਲ ਸਿੰਘ, ਸਰਜੀਤ ਸਿੰਘ, ਕਪਤਾਨ ਸਿੰਘ, ਅਮਨਦੀਪ ਸਿੰਘ, ਪਰਵਿੰਦਰ ਸਿੰਘ ਦੁਨੇਕੇ, ਜਸਵਿੰਦਰ ਸਿੰਘ, ਸੁਖਬੀਰ ਸਿੰਘ, ਕਰਮਜੀਤ ਸਿੰਘ ਲੰਡੇ, ਗੋਰਾ ਗਰੇਵਾਲ ਮੋਗਾ ਅਤੇ ਕੁਲਦੀਪ ਸਿੰਘ ਖਕਰਾਣਾ ਸ਼ਾਮਲ ਹਨ। ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਨਾਲ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਕਾਰਨ ਉਸਦਾ ਮੋਢਾ ਉਖੜ ਗਿਆ, ਜਿਸ ਨਾਲ ਲੋਕਾਂ ਵਿਚ ਹੋਰ ਗੁੱਸਾ ਫੈਲ ਗਿਆ। ਜ਼ਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਦੁਕਾਨ ਤੇ ਮਕਾਨ ਬਚਾਓ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਉਹ ਇਸ ਮਸਲੇ ’ਤੇ ਲਗਾਤਾਰ ਲੜਾਈ ਜਾਰੀ ਰੱਖਣਗੇ।