ਆਂਗਨਵਾੜੀ ਸੈਂਟਰਾਂ ’ਚ ਸਮਾਰਟ ਫੋਨ ਦੇਣ ਦੀ ਮੰਗ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਸੈਂਟਰਾਂ ਲਈ ਖ਼ਰੀਦੇ ਫੋਨ ਆਂਗਣਵਾੜੀ ਵਰਕਰਾਂ ਨੂੰ ਹੀ ਦਿੱਤੇ ਜਾਣ ਦੀ ਮੰਗ
Publish Date: Wed, 29 Apr 2026 03:55 PM (IST)
Updated Date: Thu, 30 Apr 2026 04:02 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੀ ਇੱਕ ਅਹਿਮ ਮੀਟਿੰਗ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਦਬੜ੍ਹੀਖ਼ਾਨਾ ਦੀ ਪ੍ਰਧਾਨਗੀ ਹੇਠ ਇੱਥੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਸਮਾਰਟ ਫੋਨ ਆਂਗਣਵਾੜੀ ਪੋਸ਼ਣ ਅਭਿਆਨ ਦੇ ਅਧੀਨ ਆਂਗਣਵਾੜੀ ਸੈਂਟਰਾਂ ਵਿਚ ਦੇਣ ਲਈ ਖ਼ਰੀਦੇ ਸਨ ਉਹ ਫੋਨ ਹੁਣ ਸਰਵੇ ਕਰਨ ਲਈ ਰੂਰਲ ਡਿਵੈਲਪਮੈਂਟ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸ਼ੁਰੂ ਕਰ ਰਹੀ ਹੈ, ਉਸ ਵਿਚ ਜੋ ਫਾਰਮ ਆਂਗਣਵਾੜੀ ਵਰਕਰਾਂ ਨੂੰ ਆਪਣੇ ਫੋਨਾਂ ਤੋਂ ਭਰਨ ਲਈ ਕਿਹਾ ਜਾ ਰਿਹਾ ਹੈ, ਉਹ ਆਂਗਣਵਾੜੀ ਵਰਕਰ ਆਪਣੇ ਪਰਸਨਲ ਫੋਨਾਂ ਤੋਂ ਨਹੀਂ ਭਰਨਗੀਆਂ, ਜੇਕਰ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦੇਵੇਗੀ ਜੋ ਪੋਸ਼ਨ ਅਭਿਆਨ ਦੇ ਅੰਡਰ ਉਹਨਾਂ ਲਈ ਖ਼ਰੀਦੇ ਗਏ ਹਨ, ਤਾਂ ਹੀ ਇਹ ਯੋਜਨਾ ਦੇ ਫਾਰਮ ਭਰੇ ਜਾਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਇਹਨਾਂ ਫਾਰਮਾਂ ਨੂੰ ਅਪਲੋਡ ਕਰਨ ਲਈ ਘੱਟੋ-ਘੱਟ 100 ਰੁਪਏ ਪ੍ਰਤੀ ਫਾਰਮ ਆਂਗਣਵਾੜੀ ਵਰਕਰ ਨੂੰ ਦਿੱਤਾ ਜਾਵੇ। ਆਂਗਣਵਾੜੀ ਕੇਂਦਰਾਂ ਵਿਚ ਆ ਰਿਹਾ ਰਾਸ਼ਨ ਖ਼ਪਤ ਰਿਪੋਰਟ ਮੁਤਾਬਕ ਦਿੱਤਾ ਜਾਵੇ, ਖਾਣੇ ਦੀ ਖਪਤ ਘੱਟ ਹੈ ਅਤੇ ਰਾਸ਼ਨ ਵੱਧ ਸੁੱਟਿਆ ਜਾ ਰਿਹਾ ਹੈ ਜੋ ਸਮੇਂ ਸਿਰ ਖ਼ਪਤ ਨਹੀਂ ਹੁੰਦਾ ਅਤੇ ਵੱਧ ਰਾਸ਼ਨ ਖ਼ਰਾਬ ਹੋ ਰਿਹਾ ਹੈ। ਸਰਕਾਰ ਨੇ ਮਾਣ ਭੱਤਾ ਦੁਗਣਾ ਕਰਨ ਦਾ ਵਾਅਦਾ ਕਰਿਆ ਸੀ, ਉਹ ਵਾਅਦਾ ਵੀ ਸਰਕਾਰ ਪੂਰਾ ਕਰੇ, ਆਂਗਣਵਾੜੀ ਵਰਕਰਾਂ-ਹੈਲਪਰਾਂ ਦਾ ਮਾਣ ਭੱਤਾ ਸਮੇਂ ਸਿਰ ਦਿੱਤਾ ਜਾਵੇ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖ਼ਲ ਕੀਤੇ ਗਏ ਬੱਚੇ ਵਾਪਸ ਆਂਗਣਵਾੜੀ ਕੇਂਦਰਾਂ ਵਿਚ ਭੇਜੇ ਜਾਣ, ਇਹਨਾਂ ਸਾਰੀਆਂ ਮੰਗਾਂ ਨੂੰ ਮੰਨਵਾਉਣ ਲਈ ਸੰਘਰਸ਼ ਦਾ ਬਿਗਲ ਵਜਾਇਆ ਗਿਆ ਜਿਸ ਦੇ ਤਹਿਤ ਮਈ ਮਹੀਨੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰ ਅੱਗੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਖੁਸ਼ਪਾਲ ਕੌਰ ਭਾਗਥਲਾ, ਹਰਵਿੰਦਰ ਕੌਰ ਜੈਤੋ, ਸਰਬਜੀਤ ਕੌਰ ਫ਼ਰੀਦਕੋਟ, ਸ਼ਰਨਜੀਤ ਕੌਰ ਅਰਾਈਆਂ ਵਾਲਾ, ਬਲਜੀਤ ਕੌਰ ਕੋਟਕਪੂਰਾ, ਬਲਦੇਵ ਕੌਰ ਫ਼ਰੀਦਕੋਟ, ਕੁਲਵਿੰਦਰ ਕੌਰ ਕੋਟਕਪੂਰਾ, ਸੁਨੀਤਾ ਕੁਮਾਰੀ ਕੋਟਕਪੂਰਾ, ਬਲਵਿੰਦਰ ਕੌਰ ਲੰਭਵਾਲੀ, ਬਲਜੀਤ ਕੌਰ ਫ਼ਰੀਦਕੋਟ, ਜਸਵਿੰਦਰ ਕੌਰ ਹਰੀਨੌਂ ਆਦਿ ਆਗੂ ਹਾਜ਼ਰ ਸਨ।