ਐਡਵੋਕੇਟ ਅਮਿਤ ਅਗਰਵਾਲ ਭਾਜਪਾ ’ਚ ਸ਼ਾਮਲ
ਵਿਧਾਨ ਸਭਾ ਹਲਕਾ ਬਾਘਾਪੁਰਾਣਾ
Publish Date: Sun, 03 May 2026 03:28 PM (IST)
Updated Date: Mon, 04 May 2026 04:02 AM (IST)

ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ : ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੀ ਰਾਜਨੀਤੀ ਵਿਚ ਉਸ ਵੇਲੇ ਇਕ ਵੱਡਾ ਮੋੜ ਵੇਖਣ ਨੂੰ ਮਿਲਿਆ ਜਦੋਂ ਨੌਜਵਾਨ ਆਗੂ ਅਤੇ ਉੱਘੇ ਕਾਰੋਬਾਰੀ ਐਡਵੋਕੇਟ ਅਮਿਤ ਅਗਰਵਾਲ ਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਭਾਜਪਾ ਵਿਚ ਆਧਿਕਾਰਿਕ ਤੌਰ ’ਤੇ ਸ਼ਾਮਲ ਕਰਵਾਇਆ ਗਿਆ। ਇਸ ਮੌਕੇ ਮੋਗਾ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਅਤੇ ਸਾਬਕਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਸਮੇਤ ਕਈ ਪ੍ਰਮੁੱਖ ਆਗੂ ਹਾਜ਼ਰ ਸਨ। ਅਮਿਤ ਅਗਰਵਾਲ ਦੀ ਇਹ ਸ਼ਮੂਲੀਅਤ ਸਿਰਫ਼ ਇਕ ਸਾਧਾਰਣ ਰਾਜਨੀਤਿਕ ਕਦਮ ਨਹੀਂ, ਸਗੋਂ ਹਲਕੇ ਦੀ ਰਾਜਨੀਤੀ ਵਿਚ ਇਕ ਨਵੇਂ ਦੌਰ ਦੀ ਸ਼ੁਰੂਆਤ ਵਜੋਂ ਦੇਖੀ ਜਾ ਰਹੀ ਹੈ। ਅਮਿਤ ਅਗਰਵਾਲ ਪਿਛਲੇ ਲੰਮੇ ਸਮੇਂ ਤੋਂ ‘ਸਰਬਤ ਦਾ ਭਲਾ’ ਨਾਮ ਦੀ ਐੱਨਜੀਓ ਰਾਹੀਂ ਸਮਾਜ ਸੇਵਾ ਨਾਲ ਜੁੜੇ ਹੋਏ ਹਨ। ਉਨ੍ਹਾਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ, ਸਿੱਖਿਆ ਅਤੇ ਸਿਹਤ ਸਬੰਧੀ ਮਦਦ, ਧਾਰਮਿਕ ਸਮਾਗਮਾਂ ਵਿਚ ਯੋਗਦਾਨ ਅਤੇ ਸਮਾਜਿਕ ਭਲਾਈ ਦੇ ਕਈ ਉਪਰਾਲੇ ਕੀਤੇ ਗਏ ਹਨ। ਇਸ ਕਾਰਨ ਉਨ੍ਹਾਂ ਦੀ ਇਕ ਸਾਫ਼-ਸੁਥਰੀ, ਇਮਾਨਦਾਰ ਅਤੇ ਲੋਕਪ੍ਰਿਯ ਛਵੀ ਬਣੀ ਹੋਈ ਹੈ। ਇਸ ਤੋਂ ਇਲਾਵਾ ਉਹ ਯੂਥ ਅਗਰਵਾਲ ਸਭਾ ਦੇ ਯੂਥ ਪ੍ਰਧਾਨ ਵਜੋਂ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਨੌਜਵਾਨਾਂ ਵਿਚ ਵਧੀਆ ਪਕੜ ਬਣੀ ਹੋਈ ਹੈ। ਇਸ ਸ਼ਮੂਲੀਅਤ ਨਾਲ ਇਹ ਵੀ ਚਰਚਾ ਜ਼ੋਰਾਂ ’ਤੇ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਾਘਾਪੁਰਾਣਾ ਹਲਕਾ ਖਾਸ ਧਿਆਨ ਦਾ ਕੇਂਦਰ ਬਣ ਸਕਦਾ ਹੈ। ਵੱਖ-ਵੱਖ ਸਮਾਜਿਕ ਵਰਗਾਂ ਵੱਲੋਂ ਮਿਲ ਰਹੀ ਪ੍ਰਤੀਕ੍ਰਿਆ ਵੀ ਦਿਲਚਸਪ ਹੈ। ਜਿੱਥੇ ਕਈ ਨੌਜਵਾਨ ਅਤੇ ਵਪਾਰੀ ਵਰਗ ਦੇ ਲੋਕ ਅਮਿਤ ਅਗਰਵਾਲ ਨੂੰ ਇਕ ਨਵੇਂ ਅਤੇ ਉਮੀਦ ਭਰੇ ਚਿਹਰੇ ਵਜੋਂ ਦੇਖ ਰਹੇ ਹਨ, ਉੱਥੇ ਕੁੱਝ ਲੋਕ ਇਸਨੂੰ ਸਿਰਫ਼ ਰਾਜਨੀਤਿਕ ਰਣਨੀਤੀ ਦਾ ਹਿੱਸਾ ਮੰਨ ਰਹੇ ਹਨ। ਫਿਰ ਵੀ ਇਹ ਗੱਲ ਸਪਸ਼ਟ ਹੈ ਕਿ ਅਮਿਤ ਅਗਰਵਾਲ ਦੀ ਭਾਜਪਾ ਵਿਚ ਐਂਟਰੀ ਨੇ ਬਾਘਾਪੁਰਾਣਾ ਦੀ ਰਾਜਨੀਤੀ ਵਿਚ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਇਹ ਦੇਖਣਾ ਦਿਲਚਸਪ ਰਹੇਗਾ ਕਿ ਉਹ ਇਸ ਨਵੀਂ ਰਾਜਨੀਤਿਕ ਪਾਰੀ ਵਿਚ ਕਿੰਨਾ ਅੱਗੇ ਵਧਦੇ ਹਨ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਕਿੰਨੇ ਖਰੇ ਉੱਤਰਦੇ ਹਨ।