ਥਕਾਵਟ ਦੇ ਵਿਚਕਾਰ ਪਰਿਵਾਰ ਨਾਲ ਸਕੂਨ ਤੇ ਜਿੱਤ ਦਾ ਭਰੋਸਾ
ਥਕਾਵਟ ਦੇ ਵਿਚਕਾਰ ਪਰਿਵਾਰ ਨਾਲ ਸਕੂਨ ਤੇ ਜਿੱਤ ਦਾ ਭਰੋਸਾ
Publish Date: Wed, 27 May 2026 05:59 PM (IST)
Updated Date: Wed, 27 May 2026 06:01 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਥਾਨਕ ਸ਼ਹਿਰ ’ਚ ਨਗਰ ਕੌਂਸਲ ਚੋਣਾਂ ’ਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਉਮੀਦਵਾਰਾਂ ਨੇ ਬੁੱਧਵਾਰ ਦਾ ਦਿਨ ਵੱਖ-ਵੱਖ ਅੰਦਾਜ਼ ’ਚ ਬਿਤਾਇਆ। ਕਿਸੇ ਨੇ ਪਰਿਵਾਰ ਨਾਲ ਸਮਾਂ ਗੁਜ਼ਾਰਿਆ ਤਾਂ ਕੋਈ ਵਾਰਡ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਨਿਕਲ ਪਿਆ। ਸਾਰਿਆਂ ਨੇ ਲੋਕਾਂ ਵੱਲੋਂ ਮਿਲੇ ਪਿਆਰ ਦਾ ਜ਼ਿਕਰ ਕੀਤਾ ਅਤੇ ਆਪਣੀ-ਆਪਣੀ ਜਿੱਤ ਦਾ ਦਾਅਵਾ ਵੀ ਕੀਤਾ। ਆਮ ਆਦਮੀ ਪਾਰਟੀ ਤੋਂ ਵਾਰਡ ਨੰਬਰ ਛੇ ਦੇ ਉਮੀਦਵਾਰ ਰਵਿੰਦਰ ਕੁਮਾਰ ਰਿੰਕੂ ਨੇ ਦੱਸਿਆ ਕਿ ਚੋਣਾਂ ਦੌਰਾਨ ਲਗਾਤਾਰ ਮੀਟਿੰਗਾਂ ਅਤੇ ਘਰ-ਘਰ ਜਾ ਕੇ ਜਨਸੰਪਰਕ ਕੀਤਾ। ਮੰਗਲਵਾਰ ਨੂੰ ਵੋਟਾਂ ਵਾਲੇ ਦਿਨ ਵੀ ਸਵੇਰ ਤੋਂ ਸ਼ਾਮ ਤੱਕ ਬੂਥਾਂ ’ਤੇ ਘੁੰਮਦੇ ਰਹੇ। ਥਕਾਵਟ ਦੇ ਬਾਵਜੂਦ ਉਹ ਰੁਕ ਨਹੀਂ ਸਕੇ। ਵੋਟਿੰਗ ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਨੇ ਪਰਿਵਾਰ ਨਾਲ ਕੁਝ ਪਲ ਬਿਤਾਏ। ਇਸੇ ਦੌਰਾਨ ਗਲੀ ਨੰਬਰ ਸੱਤ ਵਿੱਚ ਬਿਜਲੀ ਖ਼ਰਾਬ ਹੋਣ ਦੀ ਸ਼ਿਕਾਇਤ ਮਿਲੀ ਤਾਂ ਉਹ ਖ਼ੁਦ ਮੌਕੇ ’ਤੇ ਪਹੁੰਚੇ ਅਤੇ ਸਮੱਸਿਆ ਦਾ ਹੱਲ ਕਰਵਾਇਆ। ਰਿੰਕੂ ਨੇ ਕਿਹਾ ਕਿ ਵੋਟਾਂ ਪੈ ਚੁੱਕੀਆਂ ਹਨ ਅਤੇ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ। ਜੇਕਰ ਮੈਂ ਜਿੱਤਦਾ ਹਾਂ ਤਾਂ ਵਾਰਡ ਦੇ ਸਾਰੇ ਰੁਕੇ ਹੋਏ ਕੰਮ ਤੇਜ਼ੀ ਨਾਲ ਕਰਵਾਵਾਂਗਾ। ਮੈਨੂੰ ਪੂਰੀ ਉਮੀਦ ਹੈ ਕਿ ਵਾਰਡ ਨੰਬਰ ਛੇ ਤੋਂ ਜਿੱਤ ਮੇਰੀ ਹੀ ਹੋਵੇਗੀ। ਪਰਿਵਾਰ ਨਾਲ ਬਿਤਾਇਆ ਦਿਨ- ਵਾਰਡ ਨੰਬਰ ਪੰਜ ਤੋਂ ਸ਼ੋ੍ਮਣੀ ਅਕਾਲੀ ਦਲ ਦੀ ਉਮੀਦਵਾਰ ਅੰਮ੍ਰਿਤਪਾਲ ਕੌਰ ਨੇ ਪੂਰਾ ਬੁੱਧਵਾਰ ਪਰਿਵਾਰ ਨਾਲ ਬਿਤਾਇਆ। ਇਸ ਦੌਰਾਨ ਉਨ੍ਹਾਂ ਨੇ ਵੋਟਿੰਗ ਦਾ ਵਿਸ਼ਲੇਸ਼ਣ (ਐਨਾਲਿਸਿਸ) ਵੀ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਉਹ ਲਗਾਤਾਰ ਲੋਕਾਂ ਦੇ ਵਿਚਕਾਰ ਰਹੇ, ਮੀਟਿੰਗਾਂ ਕੀਤੀਆਂ ਅਤੇ ਘਰ-ਘਰ ਜਾ ਕੇ ਸੰਪਰਕ ਕੀਤਾ। ਲੋਕਾਂ ਤੋਂ ਮਿਲੇ ਪਿਆਰ ਸਦਕਾ ਉਹ ਬਹੁਤ ਉਤਸ਼ਾਹਿਤ ਹਨ ਅਤੇ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹਨ। ਵੋਟਿੰਗ ਦਾ ਵਿਸ਼ਲੇਸ਼ਣ ਕੀਤਾ ਭਾਜਪਾ ਦੇ ਵਾਰਡ ਨੰਬਰ 18 ਦੇ ਉਮੀਦਵਾਰ ਰਾਜ ਕੁਮਾਰ ਸੇਤੀਆ ਨੇ ਦੱਸਿਆ ਕਿ ਚੋਣ ਅਮਲ ਬਹੁਤ ਸ਼ਾਂਤੀਪੂਰਨ ਰਿਹਾ। ਹੁਣ ਸਾਰਿਆਂ ਨੂੰ ਨਤੀਜੇ ਦਾ ਇੰਤਜ਼ਾਰ ਹੈ। ਵੋਟਿੰਗ ਤੋਂ ਬਾਅਦ ਬੁੱਧਵਾਰ ਨੂੰ ਉਹ ਪਰਿਵਾਰ ਦੇ ਨਾਲ ਰਹੇ ਅਤੇ ਯਾਰਾਂ-ਦੋਸਤਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਵੋਟਿੰਗ ਦਾ ਵਿਸ਼ਲੇਸ਼ਣ ਵੀ ਕੀਤਾ। ਸੇਤੀਆ ਦਾ ਕਹਿਣਾ ਹੈ ਕਿ ਜਨਤਾ ਦਾ ਭਰਪੂਰ ਪਿਆਰ ਮਿਲਿਆ ਹੈ ਅਤੇ ਉਨ੍ਹਾਂ ਦੀ ਜਿੱਤ ਪੱਕੀ ਹੈ। ਕਾਂਗਰਸ ਤੋਂ ਵਾਰਡ ਨੰਬਰ ਨੌਂ ਦੀ ਉਮੀਦਵਾਰ ਸੰਜਨਾ ਭੰਮ ਨੇ ਦੱਸਿਆ ਕਿ ਵੋਟਿੰਗ ਤੋਂ ਬਾਅਦ ਉਹ ਪੂਰਾ ਦਿਨ ਪਰਿਵਾਰ ਦੇ ਨਾਲ ਰਹੀ। ਚੋਣ ਪ੍ਰਚਾਰ ਦੀ ਥਕਾਵਟ ਲਾਹੁਣ ਲਈ ਉਨ੍ਹਾਂ ਨੇ ਕੁਕਿੰਗ (ਖਾਣਾ ਬਣਾਉਣਾ) ਵੀ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਰੈਲੀਆਂ ਅਤੇ ਮੀਟਿੰਗਾਂ ਕਾਰਨ ਕਾਫ਼ੀ ਥਕਾਵਟ ਹੋਈ ਸੀ, ਪਰ ਮੰਗਲਵਾਰ ਨੂੰ ਵੋਟਾਂ ਵਾਲੇ ਦਿਨ ਲੋਕਾਂ ਦਾ ਜੋ ਸਮਰਥਨ ਅਤੇ ਪਿਆਰ ਮਿਲਿਆ, ਉਸ ਨਾਲ ਸਾਰੀ ਥਕਾਵਟ ਦੂਰ ਹੋ ਗਈ। ਸੰਜਨਾ ਨੇ ਵੀ ਜਿੱਤ ਦਾ ਦਾਅਵਾ ਕੀਤਾ।