ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਦੀ ਅਧਿਆਪਕਾ ਵੀਰਪਾਲ ਕੌਰ ਦਾ ਸਨਮਾਨ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਨੈਤਿਕ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਮਰਪਿਤ ਧਾਰਮਿਕ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵੱਲੋਂ ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਦੀ ਸਮਰਪਿਤ ਅਤੇ ਮਿਹਨਤੀ ਪੰਜਾਬੀ ਅਧਿਆਪਕਾ ਵੀਰਪਾਲ ਕੌਰ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਦੌਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਜ਼ੋਨ ਦੇ ਪ੍ਰਧਾਨ ਮਾਸਟਰ ਰਣਜੀਤ ਸਿੰਘ ਖੱਚੜਾਂ ਨੇ ਅਧਿਆਪਕਾ ਵੀਰਪਾਲ ਕੌਰ ਦੀ ਸਿੱਖਿਆ ਪ੍ਰਤੀ ਲਗਨ ਅਤੇ ਨੈਤਿਕ ਮੁੱਲਾਂ ਦੀ ਪ੍ਰਚਾਰਨਾ ਵਿਚ ਉਨ੍ਹਾਂ ਦੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਿੱਥੇ ਸਿਰਫ਼ ਕਿਤਾਬੀ ਗਿਆਨ ਤੱਕ ਹੀ ਸਿੱਖਿਆ ਸੀਮਿਤ ਹੋ ਰਹੀ ਹੈ, ਉੱਥੇ ਵੀਰਪਾਲ ਕੌਰ ਵਰਗੇ ਅਧਿਆਪਕ ਬੱਚਿਆਂ ਨੂੰ ਜੀਵਨ ਜੀਣ ਦੇ ਸਹੀ ਸਿਧਾਂਤ ਵੀ ਸਿਖਾ ਰਹੇ ਹਨ, ਜੋ ਕਿ ਸਮਾਜ ਲਈ ਬਹੁਤ ਜ਼ਰੂਰੀ ਹੈ। ਵੀਰਪਾਲ ਕੌਰ ਨੇ ਆਪਣੇ ਅਧਿਆਪਨ ਦੇ ਦੌਰਾਨ ਵਿਦਿਆਰਥੀਆਂ ਵਿਚ ਸਿਰਫ਼ ਭਾਸ਼ਾਈ ਦੱਖਲ ਹੀ ਨਹੀਂ, ਸਗੋਂ ਉਨ੍ਹਾਂ ਦੇ ਚਰਿੱਤਰ ਨਿਰਮਾਣ ’ਤੇ ਵੀ ਖਾਸ ਧਿਆਨ ਦਿੱਤਾ ਹੈ। ਉਹ ਬੱਚਿਆਂ ਨੂੰ ਸਹਿਣਸ਼ੀਲਤਾ, ਇਮਾਨਦਾਰੀ, ਅਨੁਸ਼ਾਸਨ, ਦਇਆ, ਪਰਉਪਕਾਰ ਅਤੇ ਸਾਂਝੀਵਾਲਤਾ ਵਰਗੇ ਨੈਤਿਕ ਗੁਣਾਂ ਨਾਲ ਜੋੜਨ ਲਈ ਹਮੇਸ਼ਾ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੀ ਰਹਿਨੁਮਾਈ ਹੇਠ ਬੱਚੇ ਨਾ ਸਿਰਫ਼ ਅਕਾਦਮਿਕ ਖੇਤਰ ਵਿਚ ਸਫਲ ਹੋ ਰਹੇ ਹਨ, ਸਗੋਂ ਚੰਗੇ ਨਾਗਰਿਕ ਵਜੋਂ ਵੀ ਵਿਕਸਿਤ ਹੋ ਰਹੇ ਹਨ। ਇਸ ਮੌਕੇ ਮਾਸਟਰ ਨਰਿੰਦਰਪਾਲ ਸਿੰਘ ਸ਼੍ਰੀ ਮੁਕਤਸਰ ਸਾਹਿਬ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖ਼ੇਤਰ ਜੈਤੋ ਦੇ ਪ੍ਰਧਾਨ ਤੇਜ ਸਿੰਘ, ਸਰਪ੍ਰਸਤ ਪ੍ਰਕਾਸ਼ ਸਿੰਘ ਜੈਤੋ, ਸਕੱਤਰ ਕੁਲਵਿੰਦਰ ਸਿੰਘ, ਅਧਿਆਪਕ ਵਿੰਗ ਦੇ ਕੋਆਰਡੀਨੇਟਰ ਕਰਮਜੀਤ ਸਿੰਘ, ਮਾਸਟਰ ਗੁਰਚਰਨ ਸਿੰਘ ਅਤੇ ਗੁਰੂ ਨਾਨਕ ਮੋਦੀਖਾਨਾ ਜੈਤੋ ਦੇ ਇੰਚਾਰਜ਼ ਬਾਬਾ ਵੀਰ ਸਿੰਘ ਨੇ ਕਿਹਾ ਕਿ ਅਧਿਆਪਕਾ ਵੀਰਪਾਲ ਕੌਰ ਦਾ ਇਹ ਯੋਗਦਾਨ ਹੋਰ ਅਧਿਆਪਕਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ ਅਤੇ ਇਸ ਤਰ੍ਹਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਸਮਾਜ ਦੀ ਨੈਤਿਕ ਮਜ਼ਬੂਤੀ ਲਈ ਲਾਜ਼ਮੀ ਹੈ। ਇਸ ਮੌਕੇ ਸੰਸਥਾ ਵੱਲੋਂ ਅਧਿਆਪਕਾ ਵੀਰਪਾਲ ਕੌਰ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਅਧਿਆਪਕਾ ਵੀਰਪਾਲ ਕੌਰ ਨੇ ਸਟੱਡੀ ਸਰਕਲ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਬਣੇਗਾ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਬੱਚਿਆਂ ਨੂੰ ਉੱਚੇ ਨੈਤਿਕ ਮੁੱਲਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਆਪਣੀ ਸੇਵਾ ਜਾਰੀ ਰੱਖਣਗੇ। ਇਸ ਮੌਕੇ ਅਮਰ ਮੂਰਤੀ ਟੈਗੋਰ ਹਾਈ ਸਕੂਲ ਦੇ ਪ੍ਰਧਾਨ ਜਤਿੰਦਰ ਕੁਮਾਰ ‘ਲਵਲੀ ਸਿੰਗਲਾ’, ਮੁੱਖ ਅਧਿਆਪਕਾ ਸੁਸ਼ਮਾ, ਅਧਿਆਪਕਾ ਯੋਗਿਤਾ, ਅਰੂਸ਼ੀ, ਰਜਨੀ, ਬਬੀਤਾ, ਅਮਨਦੀਪ ਕੌਰ, ਨਿਧੀ ਜਿੰਦਲ, ਮਨਦੀਪ ਕੌਰ, ਸਨੇਹਾ ਅਤੇ ਗੋਲਡੀ ਨੇ ਅਧਿਆਪਕਾ ਵੀਰਪਾਲ ਕੌਰ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਯਤਨਾਂ ਦੀ ਸਰਾਹਨਾ ਕੀਤੀ।