ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਦੁਗਣਾ ਕੀਤਾ ਜਾਵੇ : ਹਰਗੋਬਿੰਦ ਕੌਰ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ
Publish Date: Tue, 24 Mar 2026 05:48 PM (IST)
Updated Date: Tue, 24 Mar 2026 05:49 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਝਾੜੂ ਦੀ ਸਰਕਾਰ ਨੇ ਵੋਟਾਂ ਵੇਲੇ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਦੁਗਣਾ ਕੀਤਾ ਜਾਵੇਗਾ। ਪਰੰਤੂ ਆਂਗਣਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਦੁੱਗਣਾ ਕਰਨ ਦੀ ਥਾਂ ਤੇ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਮਾਣ ਭੱਤਾ ਟਾਈਮ ਸਿਰ ਦੇਣ ’ਚ ਵੀ ਅਸਫਲ ਰਹੀ ਹੈ। ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਅੱਜ ਤੱਕ ਸਮਾਰਟ ਫੋਨ ਨਹੀਂ ਦਿੱਤੇ ਗਏ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਆਂਗਣਵਾੜੀ ਕੇਂਦਰਾਂ ’ਚ ਆ ਰਿਹਾ ਖਰਾਬ ਰਾਸ਼ਨ ਪ੍ਰਾਈਵੇਟ ਕੰਪਨੀਆਂ ਤੋਂ ਬੰਦ ਕਰਕੇ ਵੇਰਕਾ ਰਾਹੀਂ ਸਪਲਾਈ ਕੀਤਾ ਜਾਵੇ। ਐਨਜੀਓ ਨੂੰ ਦਿੱਤੇ ਬਲਾਕ ਵਾਪਸ ਲਏ ਜਾਣ। ਆਂਗਣਵਾੜੀ ਵਰਕਰ ਹੈਲਪਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਅੱਜ ਦੀ ਮੀਟਿੰਗ ’ਚ ਜਥੇਬੰਦੀ ਦੇ ਉਲੀਕੇ ਪ੍ਰੋਗਰਾਮਾਂ ਅਨੁਸਾਰ ਮਈ ਮਹੀਨੇ ’ਚ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਐਮਐਲਏ ਦੇ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਤੇ ਉਸ ਦੀ ਤਿਆਰੀ ਕੀਤੀ ਗਈ। ਇਸ ਮੌਕੇ ਇੰਦਰਪਾਲ ਕੌਰ, ਕਿਰਨਪਾਲ ਕੌਰ, ਚਰਨਜੀਤ ਕੌਰ, ਰਜਿੰਦਰ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਮਧੂ ਬਾਲਾ, ਪਰਮਜੀਤ ਕੌਰ ਆਦਿ ਆਗੂ ਹਾਜ਼ਰ ਸਨ।