ਬਿਜਲੀ ਦੇ ਲੰਮੇ ਕੱਟਾਂ ਖ਼ਿਲਾਫ਼ ਜੈਤੋ ’ਚ ਅਕਾਲੀ ਦਲ ਵੱਲੋਂ ਵਿਸ਼ਾਲ ਰੋਸ ਧਰਨਾ

ਭੋਲਾ ਸ਼ਰਮਾ (ਪੱਤਰ ਪ੍ਰੇਰਕ), ਪੰਜਾਬੀ ਜਾਗਰਣ, ਜੈਤੋ : ਪੰਜਾਬ ’ਚ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਦੇ ’ਤੇ ਜੈਤੋ ਦੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਸਥਾਨਕ ਐੱਸ.ਡੀ.ਐੱਮ. ਦਫ਼ਤਰ ਸਹਾਮਣੇ ਲਾਏ ਗਏ ਇਸ ਵਿਸ਼ਾਲ ਰੋਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਰਾਜ ਤੇ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸੂਬਾ ਸਿੰਘ ਬਾਦਲ ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਹਲਕਾ ਜੈਤੋ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਉਪ ਮੰਡਲ ਮੈਜਿਸਟਰੇਟ ਜੈਤੋ ਬਿਕਰਮਜੀਤ ਬਾਂਸਲ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਬਿਜਲੀ ਸਪਲਾਈ ਨੂੰ ਤੁਰੰਤ ਸੁਧਾਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੂਬਾ ਸਿੰਘ ਬਾਦਲ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਬਿਜਲੀ ਸਰਪਲਸ ਦੱਸਣ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਦੇ ਮੱਦੇਨਜ਼ਰ ਦਿਨ ਵੇਲੇ ਦੇ ਕੱਟਾਂ ਨੂੰ ਤਾਂ ਸਮਝਿਆ ਜਾ ਸਕਦਾ ਹੈ, ਪਰ ਸ਼ਾਮ ਦੇ ਸਮੇਂ ਜਦੋਂ ਕਿਸਾਨ, ਮਜ਼ਦੂਰ ਅਤੇ ਆਮ ਵਸਨੀਕ ਸਾਰਾ ਦਿਨ ਕੰਮ ਕਰ ਕੇ ਘਰ ਪਰਤਦੇ ਹਨ, ਉਦੋਂ ਵੀ ਬਿਜਲੀ ਨਾ ਹੋਣ ਕਰ ਕੇ ਲੋਕਾਂ ਦਾ ਬੁਰਾ ਹਾਲ ਹੈ। ਸੂਬਾ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪੰਜਾਬ ਸੱਚਮੁੱਚ ਬਿਜਲੀ ਸਰਪਲਸ ਸੂਬਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਨਾ ਤਾਂ ਕਾਂਗਰਸ ਅਤੇ ਨਾ ਹੀ ਮੌਜੂਦਾ ‘ਆਪ’ ਸਰਕਾਰ ਨੇ ਬਿਜਲੀ ਉਤਪਾਦਨ ਨੂੰ ਵਧਾਉਣ ਲਈ ਕੋਈ ਠੋਸ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਇੰਨੀ ਬਿਜਲੀ ਉਪਲਬਧ ਸੀ ਕਿ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਪੂਰੀ ਬਿਜਲੀ ਦਿੱਤੀ ਜਾ ਸਕਦੀ ਹੈ, ਪਰ ਮੌਜੂਦਾ ਭਗਵੰਤ ਮਾਨ ਸਰਕਾਰ ਸਹੀ ਪ੍ਰਬੰਧਨ ਕਰਨ ਵਿਚ ਵੀ ਨਾਕਾਮ ਰਹੀ ਹੈ। ਸੂਬਾ ਸਿੰਘ ਬਾਦਲ ਨੇ ਚਿਤਾਵਨੀ ਦਿੱਤੀ ਕਿ ਇਹ ਧਰਨੇ ਸਰਕਾਰ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣ ਲਈ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਕਾਰੋਬਾਰੀਆਂ ਨੂੰ ਬਿਜਲੀ ਦੇ ਲੰਮੇ ਕੱਟਾਂ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਧਰਨੇ ਵਿਚ ਦੀ ਗੰਗਸਰ ਜੈਤੋ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ: ਜੈਤੋ ਦੇ ਸਾਬਕਾ ਚੇਅਰਮੈਨ ਪਰਗਟ ਸਿੰਘ ਬਰਾੜ ਡੋਡ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ‘ਲਾਲੀ ਬਾਦਲ’, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਵੜਿੰਗ ਡੋਡ, ਸੀਨੀਅਰ ਅਕਾਲੀ ਆਗੂ ਤਰਲੋਚਨ ਸਿੰਘ ਦੁੱਲਟ ਭਗਤੂਆਣਾ, ਸੀਨੀਅਰ ਅਕਾਲੀ ਆਗੂ ਸੇਵਾਜੀਤ ਸਿੰਘ ‘ਬੌਬੀ ਦੁੱਲਟ’ ਭਗਤੂਆਣਾ, ਸੀਨੀਅਰ ਅਕਾਲੀ ਆਗੂ ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਸੀਨੀਅਰ ਅਕਾਲੀ ਆਗੂ ਭੋਲਾ ਸਿੰਘ ਧਾਲੀਵਾਲ ਰਾਮੇਆਣਾ, ਯੂਥ ਸ਼੍ਰੋਮਣੀ ਅਕਾਲੀ ਦਲ ਸਰਕਲ ਚੰਦਭਾਨ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਬਾਸੀ ਭਗਤੂਆਣਾ, ਯੂਥ ਅਕਾਲੀ ਦਲ ਸਰਕਲ ਰੋੜੀਕਪੂਰਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਸਾਬਕਾ ਕੌਂਸਲਰ ਜਸਪਾਲ ਸਿੰਘ ਕਾਂਟਾ, ਸਾਬਕਾ ਕੌਂਸਲਰ ਜਸਵੰਤ ਸਿੰਘ ਰਾਮਗੜ੍ਹੀਆ, ਸੀਨੀਅਰ ਅਕਾਲੀ ਆਗੂ ਬੀਬੀ ਅਮਰਜੀਤ ਕੌਰ ਪੰਜਗਰਾਈਂ, ਅਕਾਲੀ ਆਗੂ ਡਾ. ਸਤਨਾਮ ਸਿੰਘ ਨਿਆਮੀ ਵਾਲਾ, ਸਾਬਕਾ ਸਰਪੰਚ ਹਰਬੰਸ ਸਿੰਘ ‘ਬੰਸੀ ਸਿੱਧੂ’ ਬਿਸ਼ਨੰਦੀ, ਸਾਬਕਾ ਸਰਪੰਚ ਹਰਚਰਨ ਸਿੰਘ ਬਰਾੜ ਕਰੀਰਵਾਲੀ, ਸਾਬਕਾ ਸਰਪੰਚ ਗੁਲਸ਼ਨ ਸਿੰਘ ਰੋਮਾਣਾ ਅਜੀਤ ਸਿੰਘ, ਸਾਬਕਾ ਸਰਪੰਚ ਰਾਜਪਾਲ ਸਿੰਘ ਬਰਾੜ ਡੇਲਿਆਂਵਾਲੀ, ਸੇਵਾ ਮੁਕਤ ਮੈਨੇਜਰ ਮੇਜਰ ਸਿੰਘ ਗੌਂਦਾਰਾ, ਸੇਵਾ ਮੁਕਤ ਮੁਲਾਜ਼ਮ ਗੁਰਚਰਨ ਸਿੰਘ, ਸਾਬਕਾ ਕੌਂਸਲਰ ਰਾਜ ਕੁਮਾਰ ‘ਰਾਜੂ’ ਆਦਿ ਹਾਜ਼ਰ ਸਨ।