ਪੱਛਮੀ ਬੰਗਾਲ ਤੋਂ ਬਾਅਦ ਪੰਜਾਬ ਵਿਚ ਵੀ ਮੋਦੀ ਲਹਿਰ ਹੇਠ ਸਿਰਜਿਆ ਜਾਵੇਗਾ ਨਵਾਂ ਇਤਿਹਾਸ : ਜਸਪਾਲ ਸਿੰਘ ਪੰਜਗਰਾਈਂ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪੱਛਮੀ ਬੰਗਾਲ ਸਮੇਤ ਹੋਰ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਭਾਰੀ ਜਿੱਤ ਤੋਂ ਬਾਅਦ ਵਿਧਾਨ ਸਭਾ ਹਲਕਾ ਜੈਤੋ ਦੇ ਵੱਖ-ਵੱਖ ਪਿੰਡਾਂ ਵਿਚ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਐੱਸ.ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਜਸਪਾਲ ਸਿੰਘ ਪੰਜਗਰਾਈਂ ਦਾ ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ’ਤੇ ਪੂਰਾ ਵਿਸ਼ਵਾਸ ਜਤਾ ਰਹੇ ਹਨ, ਜਿਸ ਕਾਰਨ ਪੱਛਮੀ ਬੰਗਾਲ, ਅਸਾਮ ਅਤੇ ਹੋਰ ਰਾਜਾਂ ਵਿਚ ਭਾਜਪਾ ਨੂੰ ਇਤਿਹਾਸਕ ਜਿੱਤ ਮਿਲੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਵੀ ਮੋਦੀ ਲਹਿਰ ਦੀ ਅਗਵਾਈ ਹੇਠ ਨਵਾਂ ਇਤਿਹਾਸ ਸਿਰਜਿਆ ਜਾਵੇਗਾ ਅਤੇ ਸੂਬੇ ਦੇ ਲੋਕ ਭਾਜਪਾ ਨੂੰ ਵੱਡਾ ਜਨਮੰਡੇਟ ਦੇਣ ਲਈ ਤਿਆਰ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੱਛਮੀ ਬੰਗਾਲ ਵਿਚ ਮਮਤਾ ਸਰਕਾਰ ਦੇ ਸ਼ਾਸਨ ਦੌਰਾਨ ਸਿੱਖਾਂ, ਕਿਸਾਨਾਂ, ਮਜ਼ਦੂਰਾਂ ਅਤੇ ਹਿੰਦੂ ਭਾਈਚਾਰੇ ਉੱਤੇ ਹੋ ਰਹੇ ਅਤਿਆਚਾਰਾਂ ਤੋਂ ਤੰਗ ਆ ਕੇ ਲੋਕਾਂ ਨੇ ਭਾਜਪਾ ਦੇ ਹੱਕ ਵਿਚ ਵੱਡਾ ਫਤਵਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਥਿਤੀ ਵੀ ਬਹੁਤ ਚਿੰਤਾਜਨਕ ਬਣ ਚੁੱਕੀ ਹੈ ਅਤੇ ਲੋਕ ਹੁਣ ਬਦਲਾਅ ਦੀ ਉਡੀਕ ਕਰ ਰਹੇ ਹਨ। ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੋ ਰਹੀ ਹੈ। ਲੁੱਟਾਂ-ਖੋਹਾਂ, ਨਸ਼ਾਖੋਰੀ, ਅਵਾਰਾਗਰਦੀ, ਗੁੰਡਾਗਰਦੀ ਅਤੇ ਕਤਲ ਦੀਆਂ ਵਾਰਦਾਤਾਂ ਆਮ ਹੋ ਚੁੱਕੀਆਂ ਹਨ, ਜਿਸ ਕਾਰਨ ਲੋਕ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿਚ ਜੀਵਨ ਬਿਤਾਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਮਨ-ਸ਼ਾਂਤੀ, ਵਿਕਾਸ ਅਤੇ ਸਥਿਰ ਸਰਕਾਰ ਚਾਹੁੰਦੇ ਹਨ ਅਤੇ ਇਹ ਸਭ ਕੁਝ ਕੇਵਲ ਭਾਰਤੀ ਜਨਤਾ ਪਾਰਟੀ ਹੀ ਦੇ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਨਾਲ ਪੰਜਾਬ ਨੂੰ ਵੀ ਹੋਰ ਰਾਜਾਂ ਵਾਂਗ ਵਿਕਾਸ ਦੀ ਰਾਹ ’ਤੇ ਅੱਗੇ ਲਿਆਂਦਾ ਜਾਵੇਗਾ। ਉਦਯੋਗ, ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਖੇਤਰ ਵਿਚ ਨਵੇਂ ਮੌਕੇ ਪੈਦਾ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਆਪਣੇ ਹੀ ਸੂਬੇ ਵਿਚ ਰੋਜ਼ਗਾਰ ਦੇ ਵਧੀਆ ਮੌਕੇ ਮਿਲਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਹਰ ਵਰਗ ਦੇ ਲੋਕ ਅੱਜ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਨਿਰਾਸ਼ ਹੈ, ਕਿਉਂਕਿ ਨਾ ਤਾਂ ਵਿਕਾਸ ਦੇ ਕੰਮ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਕਾਨੂੰਨ ਵਿਵਸਥਾ ਵਿਚ ਕੋਈ ਸੁਧਾਰ ਹੋਇਆ ਹੈ। ਲੋਕਾਂ ਵਿਚ ਨਿਰਾਸ਼ਾ ਅਤੇ ਗੁੱਸਾ ਵਧਦਾ ਜਾ ਰਿਹਾ ਹੈ, ਜਿਸ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਹੱਕ ਵਿਚ ਵੱਡੇ ਫ਼ਤਵੇ ਰੂਪ ਵਿਚ ਸਾਹਮਣੇ ਆਵੇਗਾ। ਇਸ ਮੌਕੇ ਬਲਵਿੰਦਰ ਸਿੰਘ ਬਰਗਾੜੀ, ਨਸੀਬ ਸਿੰਘ ਔਲਖ, ਹਰਪ੍ਰੀਤ ਸਿੰਘ ਸਿੱਧੂ, ਵਕੀਲ ਸਿੰਘ, ਗੁਰਮੀਤ ਸਿੰਘ ਫੱਗੂ ਰਾਮੇਆਣਾ, ਸ਼ਾਮ ਲਾਲ ਗੋਇਲ, ਠੇਕੇਦਾਰ ਰਾਮ ਰਤਨ ਜਿੰਦਲ ਜੈਤੋ, ਲਖਵੀਰ ਸਿੰਘ ਢਿੱਲਵਾਂ, ਸੰਦੀਪ ਕੁਮਾਰ ‘ਟੋਨੀ ਸ਼ਰਮਾ’, ਰਜਿੰਦਰ ਸਿੰਘ ਮੱਲਾ, ਗੁਰਦਿੱਤ ਸਿੰਘ ਵਾੜਾ ਭਾਈਕਾ ਸਮੇਤ ਹੋਰ ਕਈ ਭਾਜਪਾ ਵਰਕਰ ਹਾਜ਼ਰ ਸਨ।