ਆਦਰਸ਼ ਸਕੂਲਾਂ ਦੇ ਕਾਮਿਆਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
ਪੰਜਾਬ ਦੇ ਆਦਰਸ਼ ਸਕੂਲਾਂ ’ਚ ਸੇਵਾ
Publish Date: Sun, 24 May 2026 06:33 PM (IST)
Updated Date: Mon, 25 May 2026 04:10 AM (IST)

ਤਨਖਾਹਾਂ ’ਚ ਵਾਧੇ ਦਾ ਨੋਟੀਫ਼ਿਕੇਸ਼ਨ ਜਾਰੀ ਨਾ ਹੋਇਆ ਕਰਨਗੇ ਪ੍ਰਦਰਸ਼ਨ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਦੇ ਆਦਰਸ਼ ਸਕੂਲਾਂ ’ਚ ਸੇਵਾ ਨਿਭਾ ਰਹੇ ਟੀਚਿੰਗ ਅਤੇ ਨਾਨ-ਟੀਚਿੰਗ ਮੁਲਾਜ਼ਮਾਂ ਨੇ ਇਕ ਵਾਰ ਫਿਰ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਆਦਰਸ਼ ਸਕੂਲ ਟੀਚਿੰਗ ਨਾਨ-ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਸੂਬਾ ਸਕੱਤਰ ਸੁਖਦੀਪ ਕੌਰ ਸਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ 2 ਜੂਨ ਨੂੰ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਮੁਲਾਜ਼ਮਾਂ ਲਈ ਬਹੁਤ ਅਹਿਮ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਸਰਕਾਰ ਵੱਲੋਂ ਤਨਖਾਹਾਂ ’ਚ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਚ ਰੋਸ ਰੈਲੀ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਉਸ ਵੇਲੇ ਲਿਆ ਗਿਆ ਜਦੋਂ ਸੰਗਰੂਰ ਪ੍ਰਸ਼ਾਸਨ ਵੱਲੋਂ ਆਦਰਸ਼ ਸਕੂਲ ਅਧਿਆਪਕਾਂ ਨੂੰ 2 ਜੂਨ ਨੂੰ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਮੀਟਿੰਗ ਕਰਵਾਉਣ ਲਈ ਲਿਖ਼ਤੀ ਭਰੋਸਾ ਦਿੱਤਾ ਗਿਆ। ਇਹ ਪੱਤਰ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਜਥੇਬੰਦੀ ਨੂੰ ਸੌਂਪਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਆਦਰਸ਼ ਸਕੂਲਾਂ ਦੇ ਅਧਿਆਪਕ ਅਤੇ ਹੋਰ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਸੂਬਾ ਸਕੱਤਰ ਸੁਖਦੀਪ ਕੌਰ ਸਰਾਂ ਨੇ ਭਾਵੁਕ ਲਹਿਜ਼ੇ ’ਚ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਆਦਰਸ਼ ਸਕੂਲਾਂ ਵਿਚ ਸੇਵਾ ਦੇ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਤਨਖ਼ਾਹ ’ਚ ਨਾ ਕੋਈ ਵਾਧਾ ਹੋਇਆ ਹੈ ਅਤੇ ਨਾ ਹੀ ਕੋਈ ਸਾਲਾਨਾ ਇੰਕਰੀਮੈਂਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ 10 ਹਜ਼ਾਰ ਰੁਪਏ ਮਾਸਿਕ ਤਨਖਾਹ ’ਤੇ ਪਰਿਵਾਰ ਚਲਾਉਣਾ ਅੱਜ ਦੇ ਮਹਿੰਗਾਈ ਭਰੇ ਦੌਰ ਵਿਚ ਬਹੁਤ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਕਈ ਵਾਰ ਸਰਕਾਰ ਦੀ ਸਬ ਕਮੇਟੀ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ ਹਨ। ਇਸ ਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ 2 ਜੂਨ ਦੀ ਮੀਟਿੰਗ ਦੌਰਾਨ ਆਦਰਸ਼ ਸਕੂਲਾਂ ਦੀਆਂ ਜਾਇਜ਼ ਮੰਗਾਂ ’ਤੇ ਮੁੱਖ ਮੰਤਰੀ ਪੰਜਾਬ ਦਾ ਹਰਾ ਪੈਨ ਜ਼ਰੂਰ ਚੱਲੇਗਾ ਅਤੇ ਮੁਲਾਜ਼ਮਾਂ ਨੂੰ ਰਾਹਤ ਮਿਲੇਗੀ। ਯੂਨੀਅਨ ਆਗੂਆਂ ਨੇ ਸਪਸ਼ਟ ਕੀਤਾ ਕਿ ਜੇਕਰ 2 ਜੂਨ ਨੂੰ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵੀ ਬੇਨਤੀ ਜਾ ਰਹੀ ਤਾਂ ਉਹ ਆਪਣੀ ਜਥੇਬੰਦੀ ਅਤੇ ਹੋਰ ਸਾਥੀ ਸੰਗਠਨਾਂ ਦੇ ਸਹਿਯੋਗ ਨਾਲ ਪੰਜਾਬ ਭਰ ਵਿਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸੂਬਾ ਸਕੱਤਰ ਸੁਖਦੀਪ ਕੌਰ ਸਰਾਂ, ਸੂਬਾ ਸਹਾਇਕ ਸਕੱਤਰ ਸੁਨੀਤਾ ਸ਼ਰਮਾ, ਸੂਬਾ ਕਮੇਟੀ ਮੈਂਬਰ ਬਲਵੰਤ ਕੌਰ, ਸੀਨੀਅਰ ਸੂਬਾ ਸਕੱਤਰ ਹਰਸਿਮਰਨ ਸਿੰਘ ਔਲਖ, ਵਿੱਤ ਸਕੱਤਰ ਪਵਨ ਕੁਮਾਰ, ਹਰਪ੍ਰੀਤ ਕੌਰ, ਮੈਡਮ ਓਮਾ, ਕਰਮਜੀਤ ਕੌਰ ਬਰਾੜ, ਰਜਵੰਤ ਕੌਰ ਸੇਖਵਾ, ਰਾਜਵੰਤ ਕੌਰ ਧੰਨਾ ਸ਼ਹੀਦ, ਜਸਵਿੰਦਰ ਕੌਰ, ਸੁਖਬੀਰ ਕੌਰ, ਕੁਲਵਿੰਦਰ ਕੌਰ ਫਿਰੋਜ਼ਪੁਰ, ਮਨਪ੍ਰੀਤ, ਮਨਪ੍ਰੀਤ ਕੌਰ, ਗੁਰਚਰਨ ਸਿੰਘ, ਸੁਖਚੈਨ ਸਿੰਘ ਅਤੇ ਸਵਰਨਜੀਤ ਕੌਰ ਸਮੇਤ ਵੱਡੀ ਗਿਣਤੀ ’ਚ ਆਦਰਸ਼ ਸਕੂਲ ਮੁਲਾਜ਼ਮ ਹਾਜ਼ਰ ਸਨ।