ਔਰਤਾਂ ਦੇ ਮਾਣ-ਸਤਿਕਾਰ ’ਚ ਇਤਿਹਾਸਕ ਫ਼ੈਸਲੇ ਕਰ ਰਹੀ ‘ਆਪ’ : ਮਨਪ੍ਰੀਤ ਕੌਰ
‘ਆਪ’ ਸਰਕਾਰ ਪੰਜਾਬ ਦੀਆਂ ਔਰਤਾਂ ਦੇ ਮਾਣ ਸਤਿਕਾਰ ’ਚ ਕਰ ਰਹੀ ਇਤਿਹਾਸਕ ਫ਼ੈਸਲੇ : ਮਨਪ੍ਰੀਤ ਕੌਰ
Publish Date: Sat, 14 Mar 2026 05:05 PM (IST)
Updated Date: Sat, 14 Mar 2026 05:09 PM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦੀ ਧਰਮਪਤਨੀ ਮਨਪ੍ਰੀਤ ਕੌਰ ਨੇ ਪੰਜਾਬ ਸਰਕਾਰ ਦੇ ਉਪਰਾਲਿਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਹਿਲਾਵਾਂ ਦੇ ਸਤਿਕਾਰ ਵਜੋਂ 1000 ਤੇ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਦੀ ਖੁਸ਼ੀ ਵਿਚ ਸੂਬਾ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ‘ਆਪ’ ਮਹਿਲਾ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ, ਇਹ ਕਦਮ ਆਮ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮਹਿੰਗਾਈ ਦੇ ਇਸ ਦੌਰ ਵਿਚ ਘਰੇਲੂ ਖ਼ਰਚੇ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਛੋਟੀਆਂ-ਮੋਟੀਆਂ ਲੋੜਾਂ ਲਈ ਵੀ ਕਈ ਵਾਰ ਘਰਾਂ ’ਚ ਸੋਚਣਾ ਪੈਂਦਾ ਹੈ। ਮਹੀਨਾਵਾਰ ਮਿਲਣ ਵਾਲੀ ਇਹ ਰਕਮ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਦੇ ਨਾਲ-ਨਾਲ ਘਰੇਲੂ ਖ਼ਰਚਿਆਂ ਵਿਚ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਬਿਮਾਰੀ ਦੇ ਸਮੇਂ ਸਰਕਾਰੀ ਇਲਾਜ ਸਹੂਲਤਾਂ ਲੋਕਾਂ ਲਈ ਵੱਡਾ ਸਹਾਰਾ ਬਣਦੀਆਂ ਹਨ, ਉਸੇ ਤਰ੍ਹਾਂ ਇਹ ਆਰਥਿਕ ਸਹਾਇਤਾ ਵੀ ਆਮ ਘਰਾਂ ਲਈ ਸਮੇਂ ਦੀ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਜੋ ਲੋਕ 1000 ਰੁਪਏ ਨੂੰ ਘੱਟ ਸਮਝਦੇ ਹਨ, ਉਹ ਆਮ ਘਰਾਂ ਦੀਆਂ ਮਹਿਲਾਵਾਂ ਤੋਂ ਪੁੱਛ ਕੇ ਵੇਖਣ ਕਿ ਇਹ ਰਕਮ ਕਿੰਨੀ ਮਹੱਤਵਪੂਰਨ ਹੈ ਅਤੇ ਇਹ ਰੋਜ਼ਾਨਾ ਦੀਆਂ ਲੋੜਾਂ ਪੂਰੀ ਕਰਨ ਵਿਚ ਕਿੰਨਾ ਯੋਗਦਾਨ ਪਾਉਂਦੀ ਹੈ। ‘ਆਪ’ ਮਹਿਲਾ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਮਹਿਲਾਵਾਂ ਦੀ ਭਲਾਈ ਦੇ ਨਾਮ ’ਤੇ ਸਿਰਫ਼ ਐਲਾਨ ਕੀਤੇ, ਪਰ ਭਗਵੰਤ ਮਾਨ ਸਰਕਾਰ ਨੇ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਲਈ ਅਸਲ ਕਦਮ ਚੁੱਕੇ ਹਨ। ਉਨ੍ਹਾਂ ਆਸ ਜਤਾਈ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਲੋਕ-ਹਿਤੈਸ਼ੀ ਤੇ ਮਹਿਲਾ-ਹਿਤੈਸ਼ੀ ਫ਼ੈਸਲੇ ਲਗਾਤਾਰ ਲਏ ਜਾਂਦੇ ਰਹਿਣਗੇ।