ਸਰਕਾਰੀ ਪ੍ਰਾਇਮਰੀ ਸਕੂਲ ਮਹੇਸ਼ਰੀ ਨੂੰ 9 ਅਲਮਾਰੀਆਂ ਭੇਟ ਕੀਤੀਆਂ
ਸਮਾਜ ਸੇਵਾ ਅਤੇ ਸਿੱਖਿਆ ਪ੍ਰਤੀ
Publish Date: Thu, 21 May 2026 05:44 PM (IST)
Updated Date: Fri, 22 May 2026 04:10 AM (IST)

ਕੈਨੇਡਾ ਵਾਸੀ ਸੁਰਜੀਤ ਕੌਰ ਸੋਢੀ ਨੇ ਕੀਤਾ ਉਪਰਾਲਾ, ਪ੍ਰਬੰਧਾਂ ਨੇ ਕੀਤੀ ਸ਼ਲਾਘਾ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਮਾਜ ਸੇਵਾ ਅਤੇ ਸਿੱਖਿਆ ਪ੍ਰਤੀ ਜ਼ਿੰਮੇਵਾਰੀ ਦੀ ਇਕ ਪ੍ਰੇਰਣਾਦਾਇਕ ਮਿਸਾਲ ਪੇਸ਼ ਕਰਦਿਆਂ ਕੈਨੇਡਾ ਵਾਸੀ ਬੀਬੀ ਸੁਰਜੀਤ ਕੌਰ ਸੋਢੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹੇਸਰੀ ਨੂੰ 9 ਨਵੀਆਂ ਅਲਮਾਰੀਆਂ ਸੇਵਾ ਵਜੋਂ ਭੇਟ ਕੀਤੀਆਂ ਗਈਆਂ। ਇਹ ਸੇਵਾ ਉਨ੍ਹਾਂ ਨੇ ਆਪਣੀ ਮਾਤਾ ਗੁਰਦੇਵ ਕੌਰ ਪੁੱਤਰੀ ਸ਼ਾਹੂਕਾਰ ਬੂੜ ਸਿੰਘ ਦੀ ਪਵਿੱਤਰ ਯਾਦ ਨੂੰ ਸਮਰਪਿਤ ਕਰਦਿਆਂ ਕੀਤੀ, ਜਿਸ ਦੀ ਸਕੂਲ ਪ੍ਰਿੰਸੀਪਲ, ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਾਤਾ ਗੁਰਦੇਵ ਕੌਰ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਸਿੱਖਿਆ ਅਤੇ ਸਮਾਜ ਸੇਵਾ ਨੂੰ ਸਮਰਪਿਤ ਕੀਤਾ। ਉਹ ਸਰਕਾਰੀ ਪ੍ਰਾਇਮਰੀ ਸਕੂਲ ਮਹੇਸ਼ਰੀ ਨਾਲ ਲੰਮੇ ਸਮੇਂ ਤੱਕ ਜੁੜੇ ਰਹੇ ਅਤੇ ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਅੱਜ ਵੀ ਇਲਾਕੇ ਦੇ ਲੋਕ ਯਾਦ ਕਰਦੇ ਹਨ। ਉਨ੍ਹਾਂ ਦੀ ਯਾਦ ਨੂੰ ਸਦਾ ਲਈ ਜਿਉਂਦਾ ਰੱਖਣ ਅਤੇ ਸਕੂਲ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ ਦੇ ਉਦੇਸ਼ ਨਾਲ ਇਹ ਉਪਰਾਲਾ ਕੀਤਾ ਗਿਆ। ਇਹ ਸੇਵਾ ਕਾਰਜ ਜਗਤਾਰ ਸਿੰਘ ਮਹੇਸ਼ਰੀ ਦੇ ਵਿਸ਼ੇਸ਼ ਯਤਨਾਂ ਸਦਕਾ ਸਫ਼ਲਤਾਪੂਰਵਕ ਸਿਰੇ ਚੜ੍ਹਿਆ। ਉਨ੍ਹਾਂ ਦੀ ਕੋਸ਼ਿਸ਼ ਨਾਲ ਸਕੂਲ ਨੂੰ ਇਹ ਲੋੜੀਂਦੀ ਸਹੂਲਤ ਪ੍ਰਾਪਤ ਹੋਈ, ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਾਫ਼ੀ ਸੁਵਿਧਾ ਮਿਲੇਗੀ। ਸਕੂਲ ਪ੍ਰਬੰਧਨ ਅਨੁਸਾਰ ਨਵੀਆਂ ਅਲਮਾਰੀਆਂ ਨਾਲ ਸਕੂਲ ਦੇ ਰਿਕਾਰਡ, ਕਿਤਾਬਾਂ, ਖੇਡ ਸਮੱਗਰੀ ਅਤੇ ਹੋਰ ਸਿੱਖਿਆ ਸਾਮਾਨ ਨੂੰ ਸੁਚੱਜੇ ਢੰਗ ਨਾਲ ਸੰਭਾਲਣ ਵਿਚ ਵੱਡੀ ਮਦਦ ਮਿਲੇਗੀ। ਇਸ ਮੌਕੇ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਦੇ ਹੈੱਡਮਾਸਟਰ ਹਰਪ੍ਰੀਤ ਸਿੰਘ, ਸਮੂਹ ਅਧਿਆਪਕ ਸਟਾਫ਼, ਪੀਟੀਏ ਕਮੇਟੀ ਦੇ ਮੈਂਬਰ, ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਰਹੇ। ਸਮਾਗਮ ਦੌਰਾਨ ਦਾਨੀ ਪਰਿਵਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਹੈੱਡਮਾਸਟਰ ਹਰਪ੍ਰੀਤ ਸਿੰਘ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਿੱਥੇ ਸਰਕਾਰੀ ਸਕੂਲਾਂ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ, ਉੱਥੇ ਇਸ ਤਰ੍ਹਾਂ ਦੀਆਂ ਸੇਵਾਵਾਂ ਸਕੂਲਾਂ ਦੇ ਵਿਕਾਸ ਵਿਚ ਮੀਲ ਪੱਥਰ ਸਾਬਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਦੇ ਦਾਨੀ ਸੱਜਣਾਂ ਨੂੰ ਸਿੱਖਿਆ ਖ਼ੇਤਰ ਵਿਚ ਅੱਗੇ ਆ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਹੋਰ ਵਧੀਆ ਸਹੂਲਤਾਂ ਮਿਲ ਸਕਣ। ਇਸ ਮੌਕੇ ਜਗਤਾਰ ਸਿੰਘ ਮਹੇਸ਼ਰੀ ਨੇ ਮਾਤਾ ਗੁਰਦੇਵ ਕੌਰ ਦੇ ਜੀਵਨ, ਉਨ੍ਹਾਂ ਦੀਆਂ ਸੇਵਾਵਾਂ ਅਤੇ ਪਰਿਵਾਰ ਦੀ ਸਮਾਜ ਪ੍ਰਤੀ ਸੋਚ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖ਼ੇਤਰ ਵਿਚ ਕੀਤਾ ਗਿਆ ਦਾਨ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ ਅਤੇ ਇਹੀ ਸਮਾਜ ਨੂੰ ਅੱਗੇ ਵਧਾਉਣ ਦਾ ਸਭ ਤੋਂ ਮਜ਼ਬੂਤ ਸਾਧਨ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਜਦੋਂ ਆਪਣੇ ਪਿੰਡਾਂ ਅਤੇ ਸਕੂਲਾਂ ਨਾਲ ਇਸ ਤਰ੍ਹਾਂ ਜੁੜਦੇ ਹਨ ਤਾਂ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਵੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦਾਨੀ ਪਰਿਵਾਰ ਦਾ ਇਹ ਉਪਰਾਲਾ ਹੋਰ ਲੋਕਾਂ ਲਈ ਵੀ ਇੱਕ ਵੱਡੀ ਮਿਸਾਲ ਬਣੇਗਾ। ਸਮਾਗਮ ਦੇ ਅੰਤ ਵਿਚ ਸਕੂਲ ਪ੍ਰਬੰਧਨ ਅਤੇ ਪਿੰਡ ਵਾਸੀਆਂ ਵੱਲੋਂ ਬੀਬੀ ਸੁਰਜੀਤ ਕੌਰ ਸੋਢੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਭ ਨੇ ਇਕਸੁਰ ਹੋ ਕੇ ਕਿਹਾ ਕਿ ਅਜਿਹੇ ਸੇਵਾ ਭਾਵਨਾ ਵਾਲੇ ਕਾਰਜ ਨਾ ਸਿਰਫ਼ ਸਿੱਖਿਆ ਸੰਸਥਾਵਾਂ ਨੂੰ ਮਜ਼ਬੂਤ ਕਰਦੇ ਹਨ, ਸਗੋਂ ਸਮਾਜ ਵਿਚ ਪਿਆਰ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਵੀ ਹੋਰ ਮਜ਼ਬੂਤ ਬਣਾਉਂਦੇ ਹਨ।