ਚੱਲਦੀ ਕਾਰ ਦਾ ਟਾਇਰ ਫਟਿਆ, ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਆਟੋ ਰਿਕਸ਼ਾ ਨਾਲ ਟਕਰਾਈ
ਚੱਲਦੀ ਕਾਰ ਦਾ ਟਾਇਰ ਫਟਿਆ, ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਆਟੋ ਰਿਕਸ਼ਾ ਨਾਲ ਟਕਰਾਈ
Publish Date: Sat, 18 Oct 2025 05:11 PM (IST)
Updated Date: Sat, 18 Oct 2025 05:14 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ-ਮਲੋਟ ਰੋਡ ’ਤੇ ਮਾਰਕਫੈੱਡ ਪਲਾਟ ਦੇ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਵਿਚ ਕਰੀਬ ਡੇਢ ਦਰਜ਼ਨ ਵਿਅਕਤੀ ਗੰਭੀਰ ਰੂਪ ’ਚ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਰਵਿੰਦਰ ਕੁਮਾਰ ਪੁੱਤਰ ਮੇਹਰ ਚੰਦ ਵਾਸੀ ਸ੍ਰੀਗੰਗਾਨਗਰ ਆਪਣੀ ਪਤਨੀ ਕ੍ਰਿਸ਼ਨਾ ਰਾਣੀ ਅਤੇ ਲੜਕੇ ਚਿਰਾਗ ਨਾਲ ਆਪਣੀ ਹੌਂਡਾ ਜੈਜ ਕਾਰ (ਆਰਜੇ 13 ਸੀਬੀ-5208’ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀਗੰਗਾਨਗਰ ਵਿਖੇ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਮਾਰਕਫੈੱਡ ਪਲਾਟ ਦੇ ਨਜ਼ਦੀਕ ਪਹੁੰਚੀ ਤਾਂ ਕਾਰ ਦਾ ਅਗਲਾ ਟਾਇਰ ਅਚਾਨਕ ਫੱਟ ਗਿਆ, ਜਿਸ ਨਾਲ ਕਾਰ ਬੇਕਾਬੂ ਹੋ ਕੇ ਸੜਕ ਦਰਮਿਆਨ ਬਣੇ ਡਿਵਾਇਡਰ ਨੂੰ ਪਾਰ ਕਰਦੀ ਹੋਏ ਮਲੋਟ ਤੋਂ ਗਿੱਦੜਬਾਹਾ ਜਾ ਰਹੇ ਇਕ ਆਟੋ ਰਿਕਸ਼ਾ ਨੰ ਪੀਬੀ30ਏਏ-6751 ਨਾਲ ਜਾ ਟਕਰਾਈ। ਇਸ ਹਾਦਸੇ ’ਚ ਕਾਰ ਸਵਾਰ ਰਵਿੰਦਰ ਕੁਮਾਰ, ਕ੍ਰਿਸ਼ਨਾ ਰਾਣੀ ਤੇ ਚਿਰਾਗ ਨੂੰ ਕੁਝ ਸੱਟਾਂ ਲੱਗੀਆਂ ਜਦੋਂਕਿ ਆਟੋ ’ਚ ਸਵਾਰ ਡਰਾਈਵਰ ਮੰਗਾ ਸਿੰਘ, ਅਰਸ਼ਦੀਪ ਕੌਰ, ਜੋਤੀ, ਵੀਰਪਾਲ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਕੁਲਦੀਪ ਸਿੰਘ, ਕਰਮਜੀਤ ਕੌਰ, ਸੁਖਦੀਪ ਕੌਰ, ਕਿਰਨ ਕੌਰ, ਪ੍ਰੀਤਮ ਕੌਰ, ਸਤਪਾਲ ਕੌਰ, ਚਰਨਜੀਤ ਕੌਰ, ਗੁਰਸੇਵਕ ਸਿੰਘ, ਪਰਮਜੀਤ ਕੌਰ ਸਾਰੇ ਵਾਸੀਆਨ ਪਿੰਡ ਜੰਡਵਾਲਾ (ਮਲੋਟ) ਗੰਭੀਰ ਰੂਪ ਵਿਚ ਜਖਮੀ ਹੋ ਗਏ। ਆਟੋ ਸਵਾਰ ਵਿਅਕਤੀ ਗਿੱਦੜਬਾਹਾ ਇਲਾਕੇ ’ਚ ਨਰਮਾ ਚੁਗਣ ਲਈ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਣ ਤੇ ਸਥਾਨਕ ਸਮਾਜਸੇਵੀ ਸੰਸੰਥਾਵਾਂ ਸ੍ਰੀ ਵਿਵੇਕ ਆਸ਼ਰਮ ਦੇ ਐਂਬੂਲੈਂਸ ਚਾਲਕ ਸ਼ਮਿੰਦਰ ਸਿੰਘ ਮੰਗਾ, ਉਮੀਦ ਐੱਨਜੀਓ ਦੇ ਰਾਜ ਕੁਮਾਰ ਬੱਬਰ, ਰਾਹਤ ਫਾਊਂਡੇਸ਼ਨ ਦੇ ਦੀਪੂ ਕੁਮਾਰ ਅਤੇ 108 ਐਂਬੂਲੈਸ ਵੱਲੋਂ ਜਖਮੀਆਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਖਮੀਆਂ ਨੂੰ ਮੁਢਲੀ ਸਹਾਇਤਾ ਦਿੱਤੀ। ਇਸ ਮੌਕੇ ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਸੈਮ ਸਿੱਧੂ ਨੇ ਦੱਸਿਆ ਕਿ ਇੰਨਾਂ ਜਖਮੀਆਂ ’ਚੋਂ ਕਰੀਬ 10 ਜਖਮੀਆਂ ਨੂੰ ਵਧੇਰੇ ਇਲਾਜ ਲਈ ਬਠਿੰਡਾ ਰੈਫ਼ਰ ਕੀਤਾ ਗਿਆ ਹੈ। ਓਧਰ ਥਾਣਾ ਗਿੱਦੜਬਾਹਾ ਪੁਲਿਸ ਨੇ ਮੌਕੇ ਤੇ ਪੁੱਜ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।