ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਿਕ ਅੱਗ, ਹੋਇਆ ਲੱਖਾਂ ਦਾ ਨੁਕਸਾਨ
ਸਥਾਨਕ ਸ਼ਹਿਰ ਦੇ ਕੋਟਕਪੂਰਾ
Publish Date: Tue, 28 Apr 2026 05:34 PM (IST)
Updated Date: Wed, 29 Apr 2026 04:08 AM (IST)

-ਲੋਕਾਂ ਨੇ ਪ੍ਰਸ਼ਾਸਨ ਤੋਂ ਪੀੜਤਾਂ ਨੂੰ ਯੋਗ ਮਦਦ ਅਤੇ ਮੁਆਵਜ਼ਾ ਦੇਣ ਦੀ ਕੀਤੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਘਾਪੁਰਾਣਾ: ਸਥਾਨਕ ਸ਼ਹਿਰ ਦੇ ਕੋਟਕਪੂਰਾ ਰੋਡ ਉੱਪਰ ਸਥਿਤ ਲੱਕੀ ਟਰੇਡਿੰਗ ਕੰਪਨੀ ਨਾਮ ਦੀ ਕਬਾੜ ਦੀ ਦੁਕਾਨ ਵਿਚ ਬੀਤੀ ਰਾਤ ਕਰੀਬ 11 ਵਜੇ ਭਿਆਨਕ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋ ਗਿਆ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਵੱਡੀ ਗਿਣਤੀ ਵਿਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਦੁਕਾਨ ਮਾਲਕ ਅਮਨ ਤਨੇਜਾ ਅਤੇ ਲੱਕੀ ਤਨੇਜਾ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦੇ ਗੋਦਾਮ ਵਿਚ ਅੱਗ ਲੱਗ ਗਈ ਹੈ। ਜਦੋਂ ਉਹ ਤੁਰੰਤ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਵਿਚ ਪਈ ਅਖ਼ਬਾਰਾਂ, ਕਾਪੀਆਂ ਦੀ ਰੱਦੀ ਅਤੇ ਹੋਰ ਸਾਮਾਨ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਸੀ। ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ, ਜਿਸ ਕਾਰਨ ਸਥਿਤੀ ਕਾਫ਼ੀ ਗੰਭੀਰ ਹੋ ਗਈ। ਮੌਕੇ ’ਤੇ ਤੁਰੰਤ ਫ਼ਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਗਿਆ। ਕੁੱਝ ਹੀ ਸਮੇਂ ਵਿਚ ਫ਼ਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਰਮਚਾਰੀਆਂ ਨੇ ਬੜੀ ਮੁਸ਼ਕਲ ਅਤੇ ਜੱਦੋਜਹਿਦ ਨਾਲ ਅੱਗ ’ਤੇ ਕਾਬੂ ਪਾਇਆ। ਅੱਗ ਦੀ ਤੀਬਰਤਾ ਇੰਨੀ ਵੱਧ ਸੀ ਕਿ ਇਸਨੂੰ ਬੁਝਾਉਣ ਵਿਚ ਕਾਫ਼ੀ ਸਮਾਂ ਲੱਗ ਗਿਆ। ਦੁਕਾਨ ਮਾਲਕਾਂ ਮੁਤਾਬਿਕ ਇਸ ਅੱਗ ਕਾਰਨ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਬਾਰੇ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਮਿਲੀ। ਇਸ ਦੌਰਾਨ ਮੌਕੇ ’ਤੇ ਪਹੁੰਚੇ ਸ਼ਹਿਰ ਵਾਸੀਆਂ ਨੇ ਘਟਨਾ ’ਤੇ ਦੁੱਖ ਜਾਹਿਰ ਕਰਦੇ ਹੋਏ ਦੁਕਾਨ ਮਾਲਕਾਂ ਨਾਲ ਹਮਦਰਦੀ ਪ੍ਰਗਟ ਕੀਤੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤਾਂ ਨੂੰ ਯੋਗ ਮਦਦ ਅਤੇ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਨੁਕਸਾਨ ਕੁੱਝ ਹੱਦ ਤੱਕ ਪੂਰਾ ਕਰ ਸਕਣ।