ਨਸ਼ਿਆਂ ਦੀ ਦਲਦਲ ਤੋਂ ਕਬੱਡੀ ਦੇ ਮੈਦਾਨ ਤੱਕ
ਕਬੱਡੀ ਦੇ ਖੇਡ ਮੈਦਾਨਾਂ ਵਿਚ ਚੋਟੀ
Publish Date: Wed, 08 Apr 2026 05:33 PM (IST)
Updated Date: Thu, 09 Apr 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਕਬੱਡੀ ਦੇ ਖੇਡ ਮੈਦਾਨਾਂ ਵਿਚ ਚੋਟੀ ਦੇ ਗੱਭਰੂਆਂ ਤੇ ਕੌਡੀਆਂ ਪਾਉਂਦਾ ਮੋਗਾ ਦੇ ਚੜਿੱਕ ਪਿੰਡ ਦਾ ਕਰਨੈਲ ਸਿੰਘ ਕੈਲਾ ਪਤਾ ਨਹੀਂ ਕਿਸ ਸਮੇਂ ਨਸ਼ਿਆਂ ਦੀ ਦਲਦਲ ਵਿਚ ਜਾ ਕਿ ਮੌਤ ਅਤੇ ਜ਼ਿੰਦਗੀ ਦੀਆਂ ਕੌਡੀਆਂ ਪਾਉਣ ਲੱਗ ਪਿਆ। ਕਬੱਡੀ ਦੇ ਮੈਦਾਨਾਂ ਵਿਚ ਕਿਸੇ ਸਮੇਂ ਕੈਲੇ ਦੀ ਤੂਤੀ ਬੋਲਦੀ ਸੀ ਪਰ ਮਾੜੇ ਸਮੇਂ ਦੀ ਮਾਰ ਕਿ ਉਹੀ ਕੈਲਾ ਨਸ਼ਿਆਂ ਦੀ ਡੂੰਘੀ ਖੱਡ ਵਿਚ ਅਜਿਹਾ ਡਿੱਗਿਆ ਕਿ ਕੌਡੀਆਂ ਪਾਉਣੀਆਂ ਹੀ ਭੁੱਲ ਗਿਆ। ਕਰਨੈਲ ਸਿੰਘ ਕੈਲਾ ਨੇ ਖੁਦ ਮੰਨਿਆ ਕਿ ਉਹ ਚਿੱਟੇ ਨਾਮ ਦੇ ਨਸ਼ੇ ਦੀ ਲਤ ਨੇ ਉਸਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਉਹ ਤਿੰਨ ਸਾਲਾਂ ਵਿਚ 45 ਲੱਖ ਦੇ ਰੁਪਏ ਤੋਂ ਵੱਧ ਦੀ ਰਕਮ ਚ ਨਸ਼ਿਆਂ ’ਤੇ ਉਡਾ ਦਿੱਤੀ। ਹਾਲਾਤ ਇਨੇ ਖ਼ਰਾਬ ਹੋਏ ਕਿ ਟਰੱਕ, ਮਹਿੰਗੀਆਂ ਗੱਡੀਆਂ, ਘਰ ਦਾ ਸੋਨਾ ਇੱਥੋ ਤੱਕ ਕਬੱਡੀ ’ਚ ਇਨਾਮਾਂ ਵਿਚ ਮਿਲੀਆਂ ਚੈਨੀਆਂ ਤੱਕ ਵੇਚਣੀਆਂ ਪਈਆਂ। ਇਕ ਅਜਿਹਾ ਸਮਾਂ ਵੀ ਆਇਆ ਜਦੋਂ ਆਪਣੇ ਵੀ ਸਾਥ ਛੱਡ ਗਏ ਅਤੇ ਉਹ ਇਕੱਲਾ ਰਹਿ ਗਿਆ। ਕਰਨੈਲ ਸਿੰਘ ਕੈਲਾ ਨੇ 10 ਸਾਲਾਂ ਦੀ ਸਖ਼ਤ ਮਿਹਨਤ, ਰੋਜ਼ਾਨਾ ਜਿੰਮ ਅਤੇ 40 ਕਿਲੋਮੀਟਰ ਸਾਈਕਲਿੰਗ ਨੇ ਮੇਰੀ ਨਵੀਂ ਜ਼ਿੰਦਗੀ ਦਾ ਰਾਹ ਲਿਖੀ ਕਿ ਉਹ ਅੱਜ 49 ਸਾਲ ਦੀ ਉਮਰ ਵਿਚ ਮੁੜ ਕਬੱਡੀ ਮੈਦਾਨਾਂ ’ਚ ਆਪਣਾ ਜਲਵਾ ਦਿਖਾ ਰਿਹਾ ਹੈ ਅਤੇ 2 ਕੁਇੰਟਲ ਤੋਂ ਵੱਧ ਭਾਰ ਆਸਾਨੀ ਨਾਲ ਚੁੱਕਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਆਪਣੇ ਵੀ ਛੱਡ ਗਏ ਤਦ ਕਬੱਡੀ ਪ੍ਰੇਮੀਆਂ ਉਸਦਾ ਹੌਸਲਾ ਬਣੇ। ਉਨ੍ਹਾਂ ਨੇ ਘਰ ਦਾ ਖਰਚਾ ਚੁੱਕਿਆ ਅਤੇ ਉਸਨੂੰ ਮੁੜ ਸਹੀ ਰਸਤੇ ’ਤੇ ਲਿਆਂਦਾ। ਕਰਨੈਲ ਸਿੰਘ ਕੈਲਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਬੱਡੀ ਨੂੰ ਉੱਚਾਈਆਂ ’ਤੇ ਲੈ ਕੇ ਗਏ ਹਨ ਹੁਣ ਉਸ ਵਰਗੇ ਖਿਡਾਰੀਆਂ ਦੀ ਮਦਦ ਲਈ ਅੱਗੇ ਆਉਣ। ਇਸ ਮੌਕੇ ਕਰਨੈਲ ਸਿੰਘ ਕੈਲਾ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਆਪਣੀ ਦਾਸਤਾਨ ਸੁਣਾਵਾਂ ਅਤੇ ਮੁੜ ਕਬੱਡੀ ਮੈਦਾਨਾਂ ਵਿਚ ਕੌਡੀਆਂ ਰਾਹੀਂ ਆਪਣੀ ਜ਼ਿੰਦਗੀ ਦੀ ਕਹਾਣੀ ਦੱਸਾਂ। ਮਾਂ ਦੀ ਮੌਤ ਤੋਂ ਬਾਅਦ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਕਰਨੈਲ ਸਿੰਘ ਕੈਲਾ ਨੇ ਦੱਸਿਆ ਕਿ ਲੋਕਾਂ ਦੀਆਂ ਤਾਹਨਿਆਂ ਤੋਂ ਬਾਅਦ ਬੇਇਜ਼ਤੀ ਨਾ ਸਹਾਰਦੀ ਹੋਈ ਉਸਦੀ ਮਾਂ ਨੂੰ ਤੋੜ ਦਿੱਤਾ ਅਤੇ ਦਿਲ ਦੇ ਦੌਰੇ ਨਾਲ ਉਸ ਦੀ ਮਾਂ ਦੀ ਮੌਤ ਹੋ ਗਈ। ਮਾਂ ਦੇ ਸਿਵੇ ਅੱਗੇ ਖੜ੍ਹ ਕੇ ਖਾਧੀ ਕਸਮ ਨੇ ਕਦੇ ਨਸ਼ਾ ਨਾ ਕਰਨ ਲਈ ਅਜਿਹਾ ਪ੍ਰੇਰਿਆ ਕਿ ਉਸ ਨੇ ਮੁੜ ਨਸ਼ਿਆਂ ਵੱਲ ਮੂੰਹ ਨਹੀਂ ਕੀਤਾ। ਹੋਰਨਾਂ ਲਈ ਬਣਿਆ ਪ੍ਰੇਰਣਾ ਸਰੋਤ ਸਾਬਕਾ ਕਬੱਡੀ 49 ਸ਼ਾਲਾ ਖਿਡਾਰੀ ਕਰਨੈਲ ਸਿੰਘ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਨਿਕਲ ਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਜਿਮ ਜਾਣਾ ਤੇ ਕਬੱਡੀ ਮੈਦਾਨਾਂ ਵਿਚ ਖੇਡਣਾ ਕੈਲੈ ਲਈ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤੋਂ ਘੱਟ ਨਹੀਂ ਹੈ।