ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਭਰਵੀਂ ਮੀਟਿੰਗ ਹੋਈ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਅਤੇ ਸਮੁੱਚੀ ਕਾਰਜਕਾਰਣੀ ਦੀ ਵਧੀਆ ਕਾਰਜਸ਼ੈਲੀ ਨੇ ਸੇਵਾ ਮੁਕਤ ਕਰਮਚਾਰੀਆਂ ਅਤੇ ਫੈਮਲੀ ਪੈਨਸ਼ਨਰਾਂ ਦੇ ਮਨਾਂ ’ਚ ਸ਼ਲਾਘਾਯੋਗ ਸਥਾਨ ਬਣਾਇਆ ਹੈ। ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸਮੂਹ ਪੈਨਸ਼ਨਰਾਂ ਨੂੰ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਆਸ ਦੀ ਕਿਰਨ ਜਾਪਦੀ ਹੈ। ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਐਸੋਸੀਏਸਨ ਵੱਲੋਂ ਸਥਾਨਕ ਪੈਨਸ਼ਨਰ ਭਵਨ ਵਿਖੇ ਮਾਸਿਕ ਮੀਟਿੰਗ ਆਯੋਜਿਤ ਕੀਤੀ ਗਈ। ਜਿਲ੍ਹਾ ਪ੍ਰਧਾਨ ਸ੍ਰੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਭਰਵੀਂ ਮੀਟਿੰਗ ’ਚ ਵੱਖ-ਵੱਖ ਵਿਭਾਗਾਂ ਦੇ ਸੇਵਾ ਮੁਕਤ ਕਰਮਚਾਰੀਆਂ ਅਤੇ ਫੈਮਲੀ ਪੈਨਸ਼ਨਰਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਮੀਟਿੰਗ ਦੇ ਸ਼ੁਰੂ ’ਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਐਸੋਸੀਏਸ਼ਨ ਦੇ ਮੈਂਬਰ ਅਤੇ ਉਨ੍ਹਾਂ ਦੇ ਸਾਕ ਸੰਬੰਧੀ ਹਰਬੰਸ ਕੌਰ, ਸ਼ਮਸ਼ੇਰ ਕੌਰ, ਜਗਨ ਨਾਥ ਅਤੇ ਮਨਜੀਤ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਵਾਇਸ ਚੇਅਰਮੈਨ ਹਰਦੇਵ ਸਿੰਘ, ਪੰਜਾਬ ਰੋਡਵੇਜ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਚੌਂਤਰਾ, ਚੌ. ਬਲਬੀਰ ਸਿੰਘ, ਗੁਰਟੇਕ ਸਿੰਘ ਬਰਾੜ, ਜਸਵੰਤ ਸਿੰਘ ਬਰਾੜ, ਬਰਨੇਕ ਸਿੰਘ ਦਿਉਲ, ਇੰਦਰ ਸਿੰਘ ਤੇ ਇਕਾਬਲ ਸਿੰਘ ਸਮੇਤ ਸਮੂਹ ਬੁਲਾਰਿਆਂ ਨੇ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ। ਅੱਜ ਦੀ ਮੀਟਿੰਗ ਦੌਰਾਨ ਪਰਮਜੀਤ ਸਿੰਘ ਖਾਲਸਾ, ਸੁਖਪਾਲ ਸਿੰਘ ਪਾਂਧੀ, ਬਲਜਿੰਦਰ ਸਿੰਘ ਦਾਬੜਾ ਅਤੇ ਖੁਸ਼ਪਾਲ ਸਿੰਘ ਸੰਧੂ ਨੇ ਐਸੋਸੀਏਸ਼ਨ ਵਿੱਚ ਸ਼ਮੂਲੀਅਤ ਕੀਤੀ ਅਤੇ ਬਕਾਇਦਾ ਤੌਰ ’ਤੇ ਮੈਂਬਰ ਬਣੇ। ਜਿਲ੍ਹਾ ਜਥੇਬੰਦੀ ਵੱਲੋਂ ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਰਸਮੀ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਇਸ ਮਹੀਨੇ ਆਪਣਾ ਜਨਮ ਦਿਨ ਮਨਾਉਣ ਵਾਲੇ ਜਸਵੰਤ ਸਿੰਘ ਬਰਾੜ ਅਤੇ ਕਰਨੈਲ ਸਿੰਘ ਬਰਾੜ ਨੂੰ ਹਾਰ ਪੁਆ ਕੇ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ। ਜਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਨੇ ਸਟੇਜ ਸਕੱਤਰ ਦਾ ਸੰਚਾਲਨ ਸ਼ਾਇਰਾਨਾ ਅੰਦਾਜ ਵਿੱਚ ਬਾਖੂਬੀ ਨਿਭਾਇਆ। ਮੁੱਖ ਰੂਪ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ੍ਰੀ ਸ਼ਰਮਾ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਦੀ ਪੁਰਜੋਰ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸਦਾ ਖਾਮਿਆਜਾ ਭੁਗਤਣਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਿਊਂਤ ਬੰਦ ਅਤੇ ਸਾਜਿਸ਼ੀ ਢੰਗ ਨਾਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦੇ ਰਹੀ ਅਤੇ ਅਦਾਲਤੀ ਫੈਸਲਿਆਂ ਨੂੰ ਟਾਲਣ ਲਈ ਹਰ ਹਰਬਾ ਵਰਤ ਰਹੀ ਹੈ। ਉਕਤ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਿਲ੍ਹਾ ਪ੍ਰੈਸ ਸਕੱਤਰ ਅਤੇ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੀ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਰਕਾਰੀ ਨੁਮਾਇੰਦੇ ਮੈਡਮ ਪੂਜਾ ਨੇ ਸੀਨੀਅਰ ਸਿਟੀਜ਼ਨਜ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਐਸੋਸੀਏਸ਼ਨ ਵੱਲੋਂ ਮੈਡਮ ਪੂਜਾ ਨੂੰ ਜੀ ਆਇਆ ਕਿਹਾ ਗਿਆ ਅਤੇ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅੱਜ ਦੀ ਮੀਟਿੰਗ ਦੌਰਾਨ ਧਰਮ ਕਿਨਰਾ, ਕਾਲਾ ਸਿੰਘ ਬੇਦੀ, ਦਿਆਲ ਚੰਦ ਤੂਰ, ਕੁਲਦੀਪ ਸਿੰਘ ਬਰਾੜ, ਕਸ਼ਮੀਰੀ ਲਾਲ ਛਾਬੜਾ, ਸੁਖਮੰਦਰ ਸਿੰਘ ਬੇਦੀ, ਬਲਜੀਤ ਸਿੰਘ ਅਰੋੜਾ, ਸ਼ਾਮ ਲਾਲ ਪਬਲਿਕ ਹੈਲਥ, ਗੁਰਜੰਟ ਸਿੰਘ ਬੱਲਮਗੜ੍ਹ, ਰੋਸ਼ਨ ਲਾਲ ਬੱਤਰਾ, ਓਮ ਪ੍ਰਕਾਸ਼ ਛਾਬੜਾ, ਰਾਜਿੰਦਰ ਪਾਲ ਸਿੰਘ ਅਤੇ ਕੁਲਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੇਵਾ ਮੁਕਤ ਕਰਮਚਾਰੀ ਮੌਜੂਦ ਸਨ।