ਪੰਨੀ ਵਾਲਾ ਫੱਤਾ ’ਚ ਹੱਡਾ ਰੋੜੀ ਨਾ ਹੋਣ ਕਾਰਨ ਲੋਕ ਔਖੇ
ਹਵਾ ’ਚ ਉੇੇਡ ਗਈ ਪੰਨੀ ਵਾਲਾ ਫੱਤਾ ਦੀ ਹੱਡਾ ਰੋੜੀ
Publish Date: Fri, 01 May 2026 04:05 PM (IST)
Updated Date: Fri, 01 May 2026 04:08 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਹਲਕਾ ਲੰਬੀ ਦੇ ਪਿੰਡ ਪੰਨੀਵਾਲਾ ਫੱਤਾ ਦੀ ਹੱਡਾ ਰੋੜੀ ਖੰਭ ਲਾ ਕੇ ਹਵਾ ’ਚ ਉੱਡ ਗਈ ਜਾਪਦੀ ਹੈ ਕਿਉਂਕਿ ਕਾਫੀ ਸਮਾਂ ਪਹਿਲਾਂ ਹੱਡਾ ਰੋੜੀ ਸੀ ਤੇ ਲੋਕ ਆਪਣੇ ਮੁਰਦਾ ਪਸ਼ੂ ਹੱਡਾ ਰੋੜੀ ’ਚ ਸੁੱਟ ਆਉਂਦੇ ਸਨ ਤੇ ਮੁਰਦਾ ਪਸ਼ੂ ਚੁੱਕਣ ਲਈ ਵੰਗਾਰੀ ਸੁਨੇਹੇ ਤੇ ਘਰ ਆਉਂਦੇ ਸਨ ਤੇ ਪਸ਼ੂ ਚੁੱਕ ਕੇ ਲੈ ਜਾਂਦੇ ਸਨ ਪਰ ਸਮੇਂ ਦੇ ਬੀਤਣ ਨਾਲ ਹੱਡਾ ਰੋੜੀ ਖਤਮ ਹੋ ਗਈ। ਹੱਡਾ ਰੋੜੀ ਦੀ ਅਸਲ ਜਗ੍ਹਾ ਕਿੱਥੇ ਹੈ ਤੇ ਉਸ ਤੋਂ ਬਾਅਦ ਕਿੱਥੇ ਗਈ ਇਸ ਸਭ ਬਾਰੇ ਕੁਝ ਵੀ ਪਤਾ ਨਹੀਂ ਚੱਲ ਰਿਹਾ ਜਦ ਵੀ ਕੋਈ ਨਵੀਂ ਪੰਚਾਇਤ ਬਣਨੀ ਹੁੰਦੀ ਹੈ ਤਾਂ ਝੂਠੇ ਲਾਰੇ ਦਿੱਤੇ ਜਾਂਦੇ ਹਨ ਕਿ ਸਭ ਤੋਂ ਪਹਿਲਾਂ ਹੱਡਾ ਰੋੜੀ ਦੀ ਪੜਤਾਲ ਕਰਕੇ ਜਾਂ ਨਵੇਂ ਸਿਰੇ ਤੋਂ ਮਤਾ ਪਾ ਕੇ ਹੱਡਾ ਰੋੜੀ ਬਣਾਈ ਜਾਵੇਗੀ ਪਰ ਪੰਚਾਇਤ ਬਣਨ ਤੋਂ ਬਾਅਦ ਸਭ ਕੁਝ ਭੁੱਲ ਜਾਂਦੇ ਹਨ। ਹੱਡਾ ਰੋੜੀ ਨਾ ਹੋਣ ਕਾਰਨ ਪਿੰਡ ’ਚ ਬਦਬੂ ਦਾ ਕਾਰਨ ਬਣ ਜਾਂਦਾ ਹੈ ਕਿਉਂਕਿ ਅਵਾਰਾ ਪਸ਼ੂ ਗਲੀਆਂ ’ਚ ਡਿੱਗ ਕੇ ਮਰ ਜਾਂਦੇ ਹਨ। ਪਸ਼ੂ ਪਾਲਕ ਆਪਣੇ ਮਰੇ ਪਸ਼ੂਆਂ ਨੂੰ ਸੜਕ ਦੇ ਕਿਨਾਰਿਆਂ ’ਤੇ ਸੁੱਟ ਆਉਂਦੇ ਹਨ ਜਾਂ ਪਿੰਡ ’ਚ ਬਣੀ ਦਾਣਾ ਮੰਡੀ ’ਚ ਸੁੱਟ ਆਉਂਦੇ ਹਨ ਜਿੱਥੇ ਬਦਬੂ ਮਾਰਦੀ ਹੈ। ਜਦ ਵੀ ਵੰਗਾਰੀਆਂ ਨੂੰ ਪਸ਼ੂ ਚੁੱਕ ਕੇ ਕਿਸੇ ਹੋਰ ਪਿੰਡ ਦੀ ਹੱਡਾ ਰੋੜੀ ’ਚ ਸੁੱਟਣ ਲਈ ਕਿਹਾ ਜਾਂਦਾ ਹੈ ਤਾਂ ਦੂਜੇ ਪਿੰਡ ਵਾਲੇ ਵੰਗਾਰੀਆਂ ਨੂੰ ਕੁੱਟਦੇ ਹਨ। ਹੱਡਾ ਰੋੜੀ ਦੀ ਬਹੁਤ ਵੱਡੀ ਸਮੱਸਿਆ : ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਜਟਾਣਾ ਨੇ ਕਿਹਾ ਕਿ ਹੱਡਾ ਰੋੜੀ ਦੀ ਬਹੁਤ ਵੱਡੀ ਸਮੱਸਿਆ ਹੈ। ਪਹਿਲਾਂ ਸਰਪੰਚ ਨਾਲ ਗੱਲ ਕਰਕੇ ਹੀ ਵੋਟਾਂ ਪਾਉਂਦੇ ਹਾਂ ਕਿ ਪਿੰਡ ’ਚ ਹੱਡਾ ਰੋੜੀ ਬਣਾਉਣ ਦਾ ਵਾਅਦਾ ਕਰੋ ਪਰ ਵਾਅਦਾ ਕਰਕੇ ਸਰਪੰਚ ਸਾਹਿਬ ਗੱਲ ਸਿਰੇ ਨਹੀਂ ਲਾਉਂਦੇ, ਜਦ ਬਾਹਰਲੇ ਲੋਕ ਆਪਣੇ ਵਹੀਕਲਾਂ ਜਾਂ ਬੱਸਾਂ ’ਚ ਸਫਰ ਕਰਦੇ ਹਨ ਤਾਂ ਆਸੇ ਪਾਸੇ ਮਰੇ ਪਸ਼ੂ ਦੇਖ ਕੇ ਮੂੰਹ ਬੰਨ੍ਹ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਪਸ਼ੂ ਕਿਸੇ ਵਾਹਨ ਨਾਲ ਟਕਰਾ ਕੇ ਚੌਂਕ ’ਚ ਡਿੱਗ ਕੇ ਮਰ ਜਾਂਦੇ ਹਨ ਜਿਸ ਕਾਰਨ ਦੁਕਾਨਾਂ ਵਾਲੇ ਬਹੁਤ ਪਰੇਸ਼ਾਨ ਹੁੰਦੇ ਹਨ। ਜਗ੍ਹਾ ਖਰੀਦ ਕੇ ਹੱਡਾ ਰੋੜੀ ਬਣਾਈ ਜਾਵੇ : ਪੁਸ਼ਪਿੰਦਰ ਸਿੰਘ ਪੁਸ਼ਪਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਨਿਭਾਏ ਨਹੀਂ ਜਾਂਦੇ। ਹੱਡਾ ਰੋੜੀ ਬਣਾਉਣਾ ਕੋਈ ਸਰਕਾਰ ਦਾ ਕੰਮ ਨਹੀਂ ਇਹ ਤਾਂ ਪਿੰਡ ਦੀ ਪੰਚਾਇਤ ਦਾ ਕੰਮ ਹੈ। ਅਕਸਰ ਤਾਂ ਮੁਰੱਬੇਬੰਦੀ ਵੇਲੇ ਪਿੰਡ ਦੀ ਹੱਡਾ ਰੋੜੀ ਕੱਟੀ ਹੋਵੇਗੀ ਜੇ ਨਹੀਂ ਤਾਂ ਹੱਡਾ ਰੋੜੀ ਪੰਚਾਇਤੀ ਜਗ੍ਹਾ ’ਤੇ ਬਣਾ ਦਿੱਤੀ ਜਾਵੇ ਜਾਂ ਫਿਰ ਪਿੰਡ ਤੋਂ ਦੂਰ ਪੰਚਾਇਤ ਵੱਲੋਂ ਜਗ੍ਹਾ ਖਰੀਦ ਕੇ ਚਾਰ ਦੁਵਾਰੀ ਕਰਕੇ ਹੱਡਾ ਰੋੜੀ ਬਣਾਈ ਜਾਵੇ। ਕੈਬਨਿਟ ਮੰਤਰੀ ਖੁੱਡੀਆਂ ਕੋਲ ਲਾਵਾਂਗੇ ਗੁਹਾਰ : ਤੇਜਿੰਦਰ ਸਿੰਘ ਤੇਜਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਹੱਡਾ ਰੋੜੀ ਦੀ ਸਮੱਸਿਆ ਹੱਲ ਕਰਨ ’ਚ ਸਾਰੀਆਂ ਪੰਚਾਇਤਾਂ ਹੀ ਨਾਕਾਮ ਰਹੀਆਂ ਹਨ। ਬੱਸ ਸਾਰਾ ਦੋਸ਼ ਇੱਕ ਦੂਜੇ ਤੇ ਸੁੱਟੀ ਜਾਂਦੇ ਹਨ। ਪਿੰਡ ’ਚ ਹੱਡਾ ਰੋੜੀ ਨਾ ਹੋਣਾ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਹੱਡਾ ਰੋੜੀ ਦੇ ਹੱਲ ਲਈ ਡੀਸੀ ਸ੍ਰੀ ਮੁਕਤਸਰ ਸਾਹਿਬ ਨੂੰ ਬੇਨਤੀ ਕੀਤੀ ਜਾਵੇਗੀ ਤੇ ਇਹ ਸਮੱਸਿਆ ਜ਼ੋਰਦਾਰ ਢੰਗ ਨਾਲ ਉਠਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਤੇ ਲੰਬੀ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਕੋਲ ਵੀ ਗੁਹਾਰ ਲਾਵਾਂਗੇ। ਮਸਲਾ ਛੇਤੀ ਹੱਲ ਕੀਤਾ ਜਾਵੇਗਾ : ਸਰਪੰਚ ਇਸ ਬਾਬਤ ਦਿਲਬਾਗ ਸਿੰਘ ਸਰਪੰਚ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹੱਡਾ ਰੋੜੀ ਦਾ ਮਸਲਾ ਬਿਲਕੁਲ ਹੱਲ ਕੀਤਾ ਜਾਵੇਗਾ ਤੇ ਪੰਚਾਇਤੀ ਜਮੀਨ ’ਚ ਹੱਡਾ ਰੋੜੀ ਬਣਾ ਦਿੱਤੀ ਜਾਵੇਗੀ ਜਾਂ ਕਿਸੇ ਕਿਸਾਨ ਨਾਲ ਪੰਚਾਇਤੀ ਜਮੀਨ ਦਾ ਤਬਾਦਲਾ ਕਰਕੇ ਹੱਡਾ ਰੋੜੀ ਨੂੰ ਪਿੰਡੋਂ ਦੂਰ ਬਣਾਇਆ ਜਾਵੇਗਾ।