ਵਿਅਕਤੀ ਦੀ ਭੇਦ ਭਰੇ ਹਾਲਤ ’ਚ ਮੌਤ
ਮਲੋਟ ਦੇ ਬਾਬਾ ਸ੍ਰੀ ਚੰਦ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਭੇਦ ਭਰੇ ਹਾਲਤ ’ਚ ਮੌਤ
Publish Date: Mon, 04 May 2026 05:46 PM (IST)
Updated Date: Mon, 04 May 2026 05:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਦੇ ਬਾਬਾ ਸ੍ਰੀ ਚੰਦ ਨਗਰ ਵਿਖੇ ਰਹਿਣ ਵਾਲੇ ਅਸ਼ੋਕ ਕੁਮਾਰ ਪੁੱਤਰ ਪੰਨੂ ਰਾਮ ਦੀ ਭੇਦ ਭਰੀ ਹਾਲਤ ’ਚ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਸਾਜ਼ਿਸ਼ੀ ਕਤਲ ਕਰਾਰ ਦਿੰਦਿਆਂ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ। ਮ੍ਰਿਤਕ ਦੇ ਭਰਾ ਦਰਸ਼ਨ ਕੁਮਾਰ ਨੇ ਦੱਸਿਆ ਕਿ ਉਹ 29 ਅਪ੍ਰੈਲ ਨੂੰ ਮਲੇਰਕੋਟਲਾ ਵਿਖੇ ਗਿਆ ਸੀ ਜਦ ਉਹ 02 ਮਈ ਨੂੰ ਵਾਪਸ ਆਇਆ ਤਾਂ ਰੇਲਵੇ ਪੁਲਿਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਸਦੇ ਭਰਾ ਅਸ਼ੋਕ ਕੁਮਾਰ ਦੀ ਮੌਤ ਹੋ ਚੁੱਕੀ ਹੈ। ਅਸ਼ੋਕ ਕੁਮਾਰ ਦੀ ਮ੍ਰਿਤਕ ਦੇਹ ਮਲੋਟ ਰੇਲਵੇ ਲਾਈਨਾਂ ਦੇ ਨੇੜੇ ਤੋਂ ਬਰਾਮਦ ਹੋਈ ਸੀ। ਦਰਸ਼ਨ ਕਮਾਲ ਨੇ ਇਸ ਸਬੰਧੀ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਉਸ ਦੇ ਭਰਾ ਦੀ ਮੌਤ ਕੁਦਰਤੀ ਨਹੀਂ ਸਗੋਂ ਕਤਲ ਕੀਤੇ ਜਾਣ ਦਾ ਸ਼ੱਕ ਹੈ। ਰੇਲਵੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ’ਚ ਮ੍ਰਿਤਕ ਦੀ ਪਤਨੀ ਬੱਬੀ ਦੇਵੀ, ਉਸਦਾ ਸਾਢੂ ਰਵੀ ਕੁਮਾਰ (ਵਾਸੀ ਵੱਡਾ ਗੁੜਾ, ਹਰਿਆਣਾ) ਅਤੇ ਮਲੋਟ ਦੀ ਵਸਨੀਕ ਗੱਗੂ ਪਤਨੀ ਅਸ਼ਵਨੀ ਕੁਮਾਰ ਸ਼ਾਮਲ ਹਨ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਬੀਐਨਐਸ (BNS) ਦੀ ਧਾਰਾ 108 3(5) ਤਹਿਤ ਕੇਸ ਦਰਜ ਕਰਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਅਸ਼ੋਕ ਕੁਮਾਰ ਆਪਣੇ ਪਿੱਛੇ ਦੋ ਲੜਕੀਆਂ ਅਤੇ ਇੱਕ ਲੜਕਾ ਛੱਡ ਗਿਆ ਹੈ। ਵਾਰਸਾਂ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਉਪਰੰਤ ਅੱਜ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।