ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਾਮਿਆਂ ਦਾ ਕੀਤਾ ਸਨਮਾਨ
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ
Publish Date: Sat, 02 May 2026 03:27 PM (IST)
Updated Date: Sun, 03 May 2026 04:02 AM (IST)

ਮਜ਼ਦੂਰ ਦੇਸ਼ ਦੀ ਅਰਥ ਵਿਵਸਥਾ ਦੀ ਮਜ਼ਬੂਤ ਨੀਂਹ : ਪਵਨ ਜੋਸ਼ੀ ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਪਾਵਨ ਮੌਕੇ ‘ਤੇ ਮੋਗਾ ਸ਼ਹਿਰ ਵਿਚ ਮਜ਼ਦੂਰ ਵਰਗ ਦੇ ਸਨਮਾਨ ਲਈ ਇਕ ਵਿਸ਼ਾਲ, ਸ਼ਾਨਦਾਰ ਅਤੇ ਪ੍ਰੇਰਣਾਦਾਇਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੀ ਅਗਵਾਈ ਸੀਸੀਆਰਏ ਗਰੁੱਪ ਦੇ ਚੇਅਰਮੈਨ ਪਵਨ ਜੋਸ਼ੀ ਅਤੇ ਹਰੀ ਹੁਕਮ ਸੰਸਥਾ ਦੇ ਫਾਊਂਡਰ ਮੈਂਬਰਾਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਸਮਾਗਮ ਵਿਚ ਨਿਰਮਾਣ ਕਾਰਜਾਂ, ਉਦਯੋਗ, ਸੇਵਾ ਖੇਤਰ ਅਤੇ ਰੋਜ਼ਾਨਾ ਮਜ਼ਦੂਰੀ ਨਾਲ ਜੁੜੇ ਮਿਹਨਤੀ ਮਜ਼ਦੂਰਾਂ ਨੂੰ ਖ਼ਾਸ ਤੌਰ ‘ਤੇ ਸੱਦਾ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਮਾਰੋਹ ਦੌਰਾਨ ਮਜ਼ਦੂਰਾਂ ਨੂੰ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਮਿਠਾਈਆਂ ਨਾਲ ਨਾਲ ਟੀ-ਸ਼ਰਟਾਂ ਵੀ ਵੰਡੀਆਂ ਗਈਆਂ। ਇਹ ਸਮਾਗਮ ਸਿਰਫ਼ ਇਕ ਸਨਮਾਨ ਸਮਾਰੋਹ ਨਹੀਂ ਸੀ, ਸਗੋਂ ਮਜ਼ਦੂਰ ਵਰਗ ਪ੍ਰਤੀ ਸਮਾਜ ਵਿਚ ਸਤਿਕਾਰ, ਕ੍ਰਿਤਜਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸੀ। ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਪਵਨ ਜੋਸ਼ੀ ਨੇ ਕਿਹਾ ਕਿ ਮਜ਼ਦੂਰ ਦੇਸ਼ ਦੀ ਅਰਥਵਿਵਸਥਾ ਦੀ ਮਜ਼ਬੂਤ ਨੀਂਹ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੁਨੀਆ ਵਿਚ ਕੋਈ ਵੀ ਅਜਿਹਾ ਖੇਤਰ ਨਹੀਂ ਜਿੱਥੇ ਮਜ਼ਦੂਰਾਂ ਦੀ ਭੂਮਿਕਾ ਨਾ ਹੋਵੇ। ਖੇਤਾਂ ਵਿਚ ਅਨਾਜ਼ ਉਗਾਉਣ ਤੋਂ ਲੈ ਕੇ ਸ਼ਹਿਰਾਂ ਦੀਆਂ ਉੱਚੀਆਂ ਇਮਾਰਤਾਂ, ਸੜਕਾਂ, ਪੁਲਾਂ ਅਤੇ ਫਲਾਈਓਵਰਾਂ ਦੀ ਤਿਆਰੀ ਤੱਕ ਹਰ ਵਿਕਾਸ ਮਜ਼ਦੂਰਾਂ ਦੀ ਅਥਾਹ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਬਿਨ੍ਹਾਂ ਤਰੱਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਜ਼ਦੂਰ ਦਿਵਸ ਸਾਨੂੰ ਇਹ ਸਿਖਲਾਈ ਦਿੰਦਾ ਹੈ ਕਿ ਅਸੀਂ ਹਮੇਸ਼ਾਂ ਮਜ਼ਦੂਰਾਂ ਦੇ ਅਧਿਕਾਰਾਂ, ਸਨਮਾਨ ਅਤੇ ਭਲਾਈ ਲਈ ਜਾਗਰੂਕ ਅਤੇ ਵਚਨਬੱਧ ਰਹੀਏ। ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹੇ ਸਮਾਰੋਹ ਮਜ਼ਦੂਰਾਂ ਦੇ ਮਨੋਬਲ ਨੂੰ ਉੱਚਾ ਕਰਦੇ ਹਨ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯੋਗ ਪਛਾਣ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਹਰੀ ਹੁਕਮ ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਸਮਾਜਿਕ ਕਾਰਜ ਕਰਵਾਏ ਜਾਂਦੇ ਹਨ, ਜੋ ਲੋਕਾਂ ਵਿਚ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ। ਇਸ ਸਮਾਰੋਹ ਵਿਚ ਪੰਕਜ ਛਾਬੜਾ, ਪਵਨ ਲੂਥਰਾ, ਪ੍ਰੇਮ ਗੁਪਤਾ, ਰਾਮਅਵਤਾਰ ਗੋਯਲ, ਕਪਿਲ ਬੰਸਲ, ਜਗਜੀਤ ਸਿੰਘ, ਬੱਬੂ ਗਿੱਲ, ਰਮੇਸ਼ ਮੇਸ਼ੀ, ਰਾਜ ਕੁਮਾਰ ਨਰੰਗ, ਰਿਮਪਲ ਅਤੇ ਜਯੰਤੀ ਜੋਸ਼ੀ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸਭ ਨੇ ਮਿਲ ਕੇ ਮਜ਼ਦੂਰਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਸਮਾਰੋਹ ਦੇ ਅੰਤ ‘ਤੇ ਮੌਜੂਦ ਮਜ਼ਦੂਰਾਂ ਨੇ ਇਸ ਸਨਮਾਨ ਲਈ ਆਯੋਜਕਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਯਤਨ ਉਨ੍ਹਾਂ ਨੂੰ ਨਾ ਸਿਰਫ਼ ਮਾਣ-ਸਤਿਕਾਰ ਦਿੰਦੇ ਹਨ, ਸਗੋਂ ਨਵੀਂ ਉਰਜਾ ਅਤੇ ਉਤਸ਼ਾਹ ਵੀ ਪ੍ਰਦਾਨ ਕਰਦੇ ਹਨ, ਜਿਸ ਨਾਲ ਉਹ ਆਪਣੇ ਕੰਮ ਨੂੰ ਹੋਰ ਵੱਧ ਸਮਰਪਣ ਅਤੇ ਜਜ਼ਬੇ ਨਾਲ ਕਰ ਸਕਦੇ ਹਨ।