ਪਰਾਲੀ ਪ੍ਰਬੰਧਨ ਸਬੰਧੀ ਲਾਇਆ ਕਿਸਾਨ ਸਿਖਲਾਈ ਕੈਂਪ
ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ
Publish Date: Sun, 19 Oct 2025 04:55 PM (IST)
Updated Date: Sun, 19 Oct 2025 04:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟ ਈਸੇ ਖਾਂ : ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਗੁਰਬਾਜ ਸਿੰਘ ਦੀ ਯੋਗ ਅਗਵਾਈ ਹੇਠ ਅਸ਼ਵਨੀ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਸਰਕਲ ਜਲਾਲਾਬਾਦ ਪੂਰਬੀ ਵੱਲੋਂ ਪਿੰਡ ਲੁਹਾਰਾ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਅਸ਼ਵਨੀ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਵੱਲੋਂ ਇਸ ਕੈਂਪ ਵਿਚ ਆਏ ਹੋਏ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਝੋਨਾ ਐੱਸਐੱਮਐੱਸ ਲੱਗੀ ਕੰਬਾਈਨ ਨਾਲ ਕਟਵਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਪਰ ਸੀਡਰ ਮਲਚਰ ਹੈਪੀ ਸੀਡਰ ਪਲੋਅ ਆਦਿ ਮਸ਼ੀਨਾਂ ਦੀ ਵਰਤੋਂ ਕਰਕੇ ਬਿਜਾਈ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਣਕ ਦੇ ਬੀਜ ਦੀ ਸੋਧ ਕਰਕੇ ਕਰਨ ਲਈ ਕਿਹਾ ਅਤੇ ਕਣਕ ਵਿੱਚ ਆਉਣ ਵਾਲੀ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਅਤੇ ਇਸ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਅਮਨਦੀਪ ਸਿੰਘ ਜੂਨੀਅਰ ਤਕਨੀਸ਼ੀਅਨ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਸੁਚੱਜੀ ਵਰਤੋਂ ਅਤੇ ਸਾਂਭ-ਸੰਭਾਲ ਸਬੰਧੀ ਨੁਕਤੇ ਸਾਂਝੇ ਕੀਤੇ ਗਏ ਅਤੇ ਇਨ੍ਹਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਗਈ।