ਨਸ਼ਿਆਂ ਤੇ ਸੋਸ਼ਲ ਮੀਡੀਆ ਦੇ ਨੁਕਸਾਨ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਸ਼ਿਵਾਲਿਕ ਪਬਲਿਕ ਸਕੂਲ ’ਚ ਨਸ਼ਿਆਂ ਅਤੇ ਸੋਸ਼ਲ ਮੀਡੀਆ ਦੇ ਨੁਕਸਾਨਾਂ ਬਾਰੇ ਵਿਸਥਾਰਪੂਰਵਕ ਜਾਗਰੂਕਤਾ ਮੁਹਿੰਮ ਆਯੋਜਿਤ
Publish Date: Sat, 25 Apr 2026 04:44 PM (IST)
Updated Date: Sun, 26 Apr 2026 04:05 AM (IST)

ਸ਼ਿਵਾਲਿਕ ਪਬਲਿਕ ਸਕੂਲ ਜੈਤੋ ’ਚ ਮਹਿਲਾ ਸਹਾਇਤਾ ਸੈੱਲ ਨੇ ਕਰਵਾਇਆ ਸਮਾਗਮ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣ ਅਤੇ ਸੋਸ਼ਲ ਮੀਡੀਆ ਦੇ ਸਹੀ ਇਸਤੇਮਾਲ ਬਾਰੇ ਜਾਗਰੂਕ ਕਰਨ ਲਈ ਸ਼ਿਵਾਲਿਕ ਪਬਲਿਕ ਸਕੂਲ ਜੈਤੋ ਵਿਚ ਮਹਿਲਾ ਸਹਾਇਤਾ ਸੈੱਲ ਵੱਲੋਂ ਇੱਕ ਮਹੱਤਵਪੂਰਨ ਅਤੇ ਪ੍ਰੇਰਣਾਦਾਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਇਕੱਠੇ ਕਰਕੇ ਸਮਾਜ ਵਿਚ ਵਧ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਦਾ ਹੱਲ ਲੱਭਣ ਵੱਲ ਪ੍ਰੇਰਿਤ ਕਰਨਾ ਸੀ। ਇਸ ਮੌਕੇ ਮਹਿਲਾ ਸਹਾਇਤਾ ਸੈੱਲ ਦੀ ਇੰਸਪੈਕਟਰ ਪਰਮਜੀਤ ਕੌਰ ਗਿੱਲ ਅਤੇ ਭੁਪਿੰਦਰ ਕੌਰ ਖਾਸ ਤੌਰ ’ਤੇ ਮੌਜੂਦ ਰਹੀਆਂ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਸ਼ੇ ਅੱਜ ਦੇ ਸਮਾਜ ਲਈ ਇੱਕ ਗੰਭੀਰ ਚੁਣੌਤੀ ਬਣ ਚੁੱਕੇ ਹਨ, ਖਾਸ ਕਰਕੇ ਨੌਜਵਾਨ ਵਰਗ ਇਸ ਦਾ ਸ਼ਿਕਾਰ ਹੋ ਰਿਹਾ ਹੈ। ਗਲਤ ਸੰਗਤ, ਮਨੋਵਿਗਿਆਨਕ ਦਬਾਅ ਅਤੇ ਜਾਣਕਾਰੀ ਦੀ ਘਾਟ ਕਾਰਨ ਬੱਚੇ ਅਤੇ ਨੌਜਵਾਨ ਆਸਾਨੀ ਨਾਲ ਨਸ਼ਿਆਂ ਵੱਲ ਖਿੱਚੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਭਵਿੱਖ ਅੰਧਕਾਰਮਈ ਹੋ ਜਾਂਦਾ ਹੈ। ਉਨ੍ਹਾਂ ਨੇ ਮਾਤਾ-ਪਿਤਾ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਦਿਨਚਰਿਆ ਅਤੇ ਸੰਗਤ ’ਤੇ ਧਿਆਨ ਦੇਣ, ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਮਨ ਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਘਰ ਦਾ ਵਾਤਾਵਰਣ ਬੱਚਿਆਂ ਦੀ ਸੋਚ ਅਤੇ ਆਦਤਾਂ ’ਤੇ ਗਹਿਰਾ ਅਸਰ ਪਾਉਂਦਾ ਹੈ, ਇਸ ਲਈ ਘਰ ਵਿਚ ਸਕਾਰਾਤਮਕ ਮਾਹੌਲ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਸਕੂਲ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਰਾੜ ਅਤੇ ਡਾਇਰੈਕਟਰ ਸੁਖਬੀਰ ਕੌਰ ਬਰਾੜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨਾਂ ਦੇ ਵੱਧ ਰਹੇ ਇਸਤੇਮਾਲ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜਕੱਲ੍ਹ ਬੱਚੇ ਵਧੇਰੇ ਸਮਾਂ ਫੋਨਾਂ ’ਤੇ ਬਿਤਾਉਂਦੇ ਹਨ, ਜਿਸ ਨਾਲ ਉਨ੍ਹਾਂ ਦੀ ਪੜ੍ਹਾਈ, ਸਿਹਤ ਅਤੇ ਮਨੋਵਿਗਿਆਨਕ ਸੰਤੁਲਨ ’ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸਲਾਹ ਦਿੱਤੀ ਕਿ ਮੋਬਾਈਲ ਫੋਨ ਦਾ ਇਸਤੇਮਾਲ ਸਿਰਫ਼ ਜ਼ਰੂਰੀ ਕੰਮਾਂ ਲਈ ਕੀਤਾ ਜਾਵੇ ਅਤੇ ਬਾਕੀ ਸਮਾਂ ਪੜ੍ਹਾਈ, ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਵਿਚ ਲਗਾਇਆ ਜਾਵੇ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਅਧਿਆਪਕ ਅਤੇ ਮਾਤਾ-ਪਿਤਾ ਇਕੱਠੇ ਹੋ ਕੇ ਹੀ ਬੱਚਿਆਂ ਨੂੰ ਸਹੀ ਦਿਸ਼ਾ ਦੇ ਸਕਦੇ ਹਨ। ਬੱਚਿਆਂ ਨੂੰ ਨੈਤਿਕ ਮੁੱਲਾਂ ਅਤੇ ਅਨੁਸ਼ਾਸਨ ਦੀ ਸਿੱਖਿਆ ਦੇਣਾ ਸਮੇਂ ਦੀ ਲੋੜ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਬਰਾੜ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਜੀਵਨ ਜੀਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਫ਼ਲਤਾ ਲਈ ਮਿਹਨਤ, ਲਗਨ ਅਤੇ ਸਹੀ ਦਿਸ਼ਾ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਸੰਵਾਦ ਵੀ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਆਪਣੇ ਸਵਾਲ ਪੁੱਛੇ ਅਤੇ ਮਾਹਿਰਾਂ ਤੋਂ ਸਹੀ ਜਾਣਕਾਰੀ ਪ੍ਰਾਪਤ ਕੀਤੀ। ਇਸ ਨਾਲ ਵਿਦਿਆਰਥੀਆਂ ਵਿਚ ਜਾਗਰੂਕਤਾ ਵਧੀ ਅਤੇ ਉਨ੍ਹਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਵੀ ਲਿਆ। ਅਖ਼ੀਰ ਵਿਚ ਮਹਿਲਾ ਸਹਾਇਤਾ ਸੱੈਲ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਕਿ ਸਿਹਤਮੰਦ, ਸੁਰੱਖਿਅਤ ਅਤੇ ਨਸ਼ਾ-ਮੁਕਤ ਸਮਾਜ ਦੀ ਸਥਾਪਨਾ ਲਈ ਹਰ ਇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਜਾਗਰੂਕਤਾ, ਸਹਿਯੋਗ ਅਤੇ ਸਹੀ ਮਾਰਗਦਰਸ਼ਨ ਨਾਲ ਹੀ ਅਸੀਂ ਇਸ ਸਮੱਸਿਆ ਦਾ ਮੁਕਾਬਲਾ ਕਰ ਸਕਦੇ ਹਾਂ। ਇਹ ਪ੍ਰੋਗਰਾਮ ਵਿਦਿਆਰਥੀਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਇਆ ਅਤੇ ਸਮਾਜ ਵਿਚ ਇੱਕ ਸਕਾਰਾਤਮਕ ਸੰਦੇਸ਼ ਛੱਡ ਗਿਆ।