ਮੁਕਤਸਰ ਥਾਂਦੇਵਾਲਾ ਰੋਡ ’ਤੇ ਚੌਕ ਨੂੰ ਖੁੱਲਾ ਕਰਾਉਣ ਸਬੰਧੀ ਏਡੀਸੀ ਨੂੰ ਮਿਲਿਆ ਵਫ਼ਦ
ਮੁਕਤਸਰ ਥਾਂਦੇਵਾਲਾ ਰੋਡ ’ਤੇ ਚੌਕ ਨੂੰ ਖੁੱਲਾ ਕਰਾਉਣ ਸਬੰਧੀ ਵੱਖ ਵੱਖ ਜਥੇਬੰਦੀਆਂ ਦਾ ਵਫਦ ਏਡੀਸੀ ਨੂੰ ਮਿਲਿਆ
Publish Date: Tue, 19 May 2026 05:09 PM (IST)
Updated Date: Tue, 19 May 2026 05:10 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਥਾਂਦੇਵਾਲਾ ਰੋਡ ਤੇ ਬਣੇ ਚੌਕ ਨੂੰ ਖੁੱਲਾ ਕਰਾਉਣ ਸਬੰਧੀ ਵੱਖ ਵੱਖ ਜਥੇਬੰਦੀਆਂ ਦਾ ਵਫਦ ਏਡੀਸੀ ਡੈਵੀ ਗੋਇਲ ਨੂੰ ਮਿਲਿਆ। ਉਨ੍ਹਾਂ ਵੱਲੋਂ ਏਡੀਸੀ ਨੂੰ ਜਾਣਕਾਰੀ ਕਰਵਾਈ ਗਈ ਕਿ ਮੁਕਤਸਰ ਤੋਂ ਵਾਇਆ ਥਾਂਦੇਵਾਲਾ ਜੈਤੋ ਜਾਂਦੀ ਰੋਡ ਜੋ ਕਿ ਉਦੇਕਰਨ ਤੋਂ ਸੰਗੂਧੌਣ ਤੋਂ ਜਾਂਦੀ ਰੋਡ ਨੂੰ ਮਿਲ ਕੇ ਇੱਕ ਚੌਕ ਬਣਦਾ ਹੈ ਉਸ ਉਪਰ ਚਾਰੋਂ ਪਾਸੇ ਕੰਧਾਂ ਕੱਢੀਆਂ ਜਾ ਰਹੀਆਂ ਹਨ। ਕੰਧਾਂ ਕੱਢਣ ਨਾਲ ਚੌਕ ਦਾ ਏਰੀਆ ਬਿਲਕੁਲ ਘਟ ਜਾਂਦਾ ਹੈ। ਮੁਕਤਸਰ ਦੇ ਟਰੈਫਿਕ ਨੂੰ ਕੰਟਰੋਲ ਕਰਨ ਲਈ ਉਦੇਕਰਨ ਪਿੰਡ ਕੋਲੋਂ ਟਰੈਫਿਕ ਵਨ ਵੇਅ ਕਰ ਦਿੱਤਾ ਗਿਆ ਹੈ ਜੋ ਕਿ ਇਸ ਰਸਤੇ ਤੋਂ ਹੋ ਕੇ ਲੰਘਦਾ ਹੈ। ਮੁਕਤਸਰ ਤੋਂ ਜੈਤੋ ਜਾਣ ਵਾਲੀ ਰੋਡ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਹੈ ਤੇ 18 ਫੁੱਟੀ ਰੋਡ ਹੈ ਤੇ ਇਸ ਉੱਪਰ ਕਾਫੀ ਟਰੈਫਿਕ ਰਹਿੰਦਾ ਹੈ ਕਿਉਂਕਿ ਜੈਤੋਂ ਤੱਕ ਲਗਭਗ 15 ਪਿੰਡਾਂ ਨੂੰ ਇਹ ਸੜਕ ਜੋੜਦੀ ਹੈ। ਕੰਧਾਂ ਹੋਣ ਕਾਰਨ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈ। ਸੋ ਇਸ ਚੌਂਕ ਨੂੰ ਵੱਡਾ ਕਰਵਾਉਣ ਵਾਸਤੇ ਅੱਜ ਵੱਖ ਵੱਖ ਜਥੇਬੰਦੀਆਂ ਦਾ ਵਫਦ ਏਡੀਸੀ ਨੂੰ ਮਿਲਿਆ। ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਥਾਂਦੇਵਾਲਾ, ਸੀਆਈਟੀਯੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਤਰਸੇਮ ਲਾਲ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਧਰਮਪਾਲ ਝਬੇਲਵਾਲੀ, ਸੀਪੀਆਈਐਮ ਵੱਲੋਂ ਕਾਮਰੇਡ ਰਾਜਕੁਮਾਰ ਜਿਲਾ ਸਕੱਤਰ ਅਤੇ ਕੁਲਵੰਤ ਸਿੰਘ ਥਾਂਦੇਵਾਲਾ ਨੇ ਜਾਣਕਾਰੀ ਦਿੱਤੀ ਕਿ ਜੇਕਰ ਇਹ ਚੌਕ ਖੁੱਲਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਵੱਡੇ ਹਾਦਸੇ ਹੋਣ ਦਾ ਖਦਸ਼ਾ ਬਣੇਗਾ। ਵਫਦ ਨੇ ਇਹ ਵੀ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ’ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ’ਚ ਵੱਡਾ ਇਕੱਠ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਵੇਗਾ।ਏਡੀਸੀ ਸਾਹਿਬ ਵੱਲੋਂ ਵਿਸ਼ਵਾਸ ਦਵਾਇਆ ਗਿਆ ਤੇ ਇਸ ਤੇ ਕਾਰਵਾਈ ਕਰਦੇ ਹੋਏ ਜਲਦੀ ਇਸ ਕੰਮ ਨੂੰ ਕੀਤਾ ਜਾਵੇਗਾ।