ਕਿਰਤੀ ਕਿਸਾਨ ਯੂਨੀਅਨ ਦਾ ਵਫਦ ਏਡੀਸੀ ਨੂੰ ਮਿਲਿਆ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬੀਤੀ ਅੱਧੀ ਰਾਤ ਨੂੰ ਹੋਈ ਤੇਜ ਬਾਰਿਸ਼ ਮਗਰੋਂ ਪਿੰਡ ਝਬੇਲਵਾਲੀ ਵਿਖੇ ਸ਼ੈੱਡ ਡਿੱਗਣ ਕਾਰਨ 40 ਬੱਕਰੀਆਂ ਦੀ ਮੌਤ ਹੋ ਗਈ ਸੀ। ਪੀੜ੍ਹਤ ਕਿਸਾਨ ਨੰਬਰਦਾਰ ਹਰਬੰਸ ਸਿੰਘ ਨੂੰ ਵਿਸ਼ੇਸ਼ ਹਾਲਤਾਂ ’ਚ ਬਣਦਾ ਮੁਆਵਜ਼ਾ ਰਾਸ਼ੀ ਮੁਹੱਈਆ ਕਰਾਉਣ ਸਬੰਧੀ ਕਿਰਤੀ ਕਿਸਾਨ ਯੂਨੀਅਨ ਦਾ ਵਫਦ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲਿਆ, ਇਨ੍ਹਾਂ ਰਾਹੀਂ ਮੰਗ ਪੱਤਰ ਡੀਸੀ ਅਭਿਜੀਤ ਕਪਲੇਸ਼ ਨੂੰ ਭੇਜਿਆ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਬੋਲਦਿਆਂ ਕਿਹਾ ਕਿ ਪਿੰਡ ਝਬੇਲਵਾਲੀ ਦੇ ਕਿਸਾਨ ਹਰਬੰਸ ਸਿੰਘ ਦੀਆਂ 40 ਦੇ ਕਰੀਬ ਬੱਕਰੀਆਂ ਭਾਰੀ ਮੀਂਹ ਪੈਣ ਕਾਰਨ ਸ਼ੈਡ ਡਿੱਗਣ ਕਾਰਨ ਮਾਰੀਆਂ ਗਈਆਂ ਅਤੇ ਬਹੁਤ ਸਾਰੀਆਂ ਬੱਕਰੀਆਂ ਦੀਆਂ ਢੂਹੀਆਂ, ਲੱਤਾਂ ,ਪੱਟ ਟੁੱਟਣ ਕਾਰਨ ਨਾਜ਼ਕ ਹਾਲਤ ਦੇ ਵਿੱਚ ਮਰਨ ਕਿਨਾਰੇ ਪਈਆਂ ਤੜਫ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਹਰਬੰਸ ਸਿੰਘ ਮੱਧ ਵਰਗੀ ਕਿਸਾਨ ਹੈ। ਜੋ ਭੇਡਾਂ, ਬੱਕਰੀਆਂ ਪਾਲ ਕੇ ਬੜੀ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਇਹ ਅਚਨਚੇਤ ਵਾਪਰੀ ਘਟਨਾ ਨਾਲ ਪਰਿਵਾਰ ਬਹੁਤ ਡੂੰਘੇ ਸਦਮੇਂ ਵਿੱਚੋਂ ਗੁਜ਼ਰ ਰਿਹਾ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਨੇ ਕਿਹਾ ਕਿ ਪੀੜਤ ਕਿਸਾਨ ਦੀਆਂ ਬੱਕਰੀਆਂ ਮਰ ਜਾਣ ਕਾਰਨ ਅਤੇ ਸਮੇਤ ਛੱਤਾਂ ਡਿੱਗਣ ਨਾਲ ਪਰਿਵਾਰ ਦਾ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਫੌਰੀ ਤੌਰ ਤੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਲਗਾਤਾਰ ਕਹਿੰਦਾ ਰਿਹਾ ਹੈ ਕਿ ਕੁਦਰਤੀ ਆਫਤਾਂ ਕਾਰਨ ਜੇ ਕਿਸੇ ਦੀ ਮੁਰਗੀ, ਬੱਕਰੀ ਦਾ ਨੁਕਸਾਨ ਹੁੰਦਾ ਹੈ ਤਾਂ ਤੁਰੰਤ ਉਨ੍ਹਾਂ ਨੂੰ ਮੁਆਵਜਾ ਰਾਸ਼ੀ ਜਾਰੀ ਕੀਤੇ ਜਾਵੇਗੀ। ਪਰ ਇਸ ਦੁੱਖ ਦੀ ਘੜੀ ’ਚ ਪੀੜਤ ਕਿਸਾਨ ਹਰਬੰਸ ਸਿੰਘ ਝਬੇਲਵਾਲੀ ਦੀ ਸਾਰ ਲਈ ਜਾਵੇ ਤੇ ਬਣਦੀ ਮੁਆਵਜਾ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਬਚੇ ਪਸ਼ੂਆਂ ਦਾ ਸਿਰ ਢਕਣ ਲਈ ਤਰਪਾਲਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਸਾਬਕਾ ਪੰਚਾਇਤ ਮੈਂਬਰ ਤੇਜ਼ ਸਿੰਘ ਝਬੇਲਵਾਲੀ, ਰਣਜੀਤ ਸਿੰਘ ਮੀਤ ਝਬੇਲਵਾਲੀ, ਸੁਖਦੇਵ ਸਿੰਘ ਸੁੱਖਾ ਝਬੇਲਵਾਲੀ, ਸਰਬਰਾਹ ਨੰਬਰਦਾਰ ਮਨਪ੍ਰੀਤ ਸਿੰਘ ਝਬੇਲਵਾਲੀ, ਕਾਮਰੇਡ ਜਸਵਿੰਦਰ ਸਿੰਘ ਭੱਲਾ ਝਬੇਲਵਾਲੀ, ਭਿੰਦਾ ਭੁੱਲਰ, ਰਾਜਵੰਤ ਸਿੰਘ ਔਲਖ, ਗੋਬਿੰਦ ਸਿੰਘ ਝਬੇਲਵਾਲੀ, ਅਜ਼ਾਦ ਸਿੰਘ ਅਕਾਲੀ ਆਦਿ ਕਿਸਾਨ ਹਾਜ਼ਰ ਸਨ।