ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦਨਵਾਂ ਵਿਖੇ ਮਾਂ ਦਿਵਸ ’ਤੇ ਭਾਵੁਕ ਪਲਾਂ ਦਾ ਸੰਗਮ
ਜ਼ਿਲ੍ਹਾ ਮੋਗਾ ਦੀਆਂ ਨਾਮਵਰ, ਮਾਣਮੱਤੀ
Publish Date: Sat, 09 May 2026 03:53 PM (IST)
Updated Date: Sun, 10 May 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਜ਼ਿਲ੍ਹਾ ਮੋਗਾ ਦੀਆਂ ਨਾਮਵਰ, ਮਾਣਮੱਤੀ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਬੀਬੀਐਸ ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ, ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ-ਚੰਦਨਵਾਂ ਜ਼ਿਲ੍ਹਾ ਮੋਗਾ ਵਿਖੇ ਮਾਂ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਕੂਲ ਦੇ ਮੁੱਖ ਹਾਲ ਨੂੰ ਗੁਬਾਰਿਆਂ, ਫੁੱਲਾਂ ਅਤੇ ਹੈਪੀ ਮਦਰਸ ਡੇਅ ਦੇ ਬੈਨਰਾਂ ਨਾਲ ਸਜਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ। ਇਸ ਤੋਂ ਬਾਅਦ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਮਾਂ ਦੇ ਰਿਸ਼ਤੇ ਤੇ ਆਧਾਰਿਤ ਪ੍ਰਦਰਸ਼ਨੀ ਪੇਸ਼ ਕੀਤੀ। ਜੂਨੀਅਰ ਵਿੰਗ ਦੇ ਬੱਚਿਆਂ ਨੇ ਡੀਅਰ ਮਾਮਾ ਗੀਤ ਤੇ ਕਿਊਟ ਕੋਰੀਓਗ੍ਰਾਫੀ ਕਰਕੇ ਸਭ ਨੂੰ ਭਾਵੁਕ ਕਰ ਦਿੱਤਾ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਬਲੈਸਿੰਗਸ ਆਫ਼ ਬੀਬੀ ਗੀਤ ਤੇ ਪੰਜਾਬੀ ਲੋਕ ਨਾਚ ਅਤੇ ਮਾਈਮ ਐਕਟ ਪੇਸ਼ ਕੀਤਾ, ਜਿਸ ਵਿਚ ਮਾਂ ਦੀ ਮਮਤਾ ਅਤੇ ਕੁਰਬਾਨੀ ਨੂੰ ਦਰਸਾਇਆ ਗਿਆ। ਕੁੱਝ ਵਿਦਿਆਰਥੀਆਂ ਨੇ ਮਾਂ ਲਈ ਖੁਦ ਲਿਖੀਆਂ ਕਵਿਤਾਵਾਂ ਅਤੇ ਭਾਸ਼ਣ ਵੀ ਪੇਸ਼ ਕੀਤੇ। ਸਕੂਲ ਵੱਲੋਂ ਮਾਤਾਵਾਂ ਲਈ ਖ਼ਾਸ ਤੌਰ ਤੇ ਖੇਡਾਂ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਮਿਊਜ਼ੀਕਲ ਚੇਅਰ, ਮਾਂ-ਬੱਚਾ ਰੇਸ, ਬਲੂਨ ਬਰਸਟ ਅਤੇ ਮਾਂ ਲਈ 3 ਸ਼ਬਦ ਵਰਗੀਆਂ ਗਤੀਵਿਧੀਆਂ ਸ਼ਾਮਲ ਸਨ। ਇਸ ਮੌਕੇ ਮਾਤਾਵਾਂ ਨੇ ਵੀ ਬੱਚਿਆਂ ਵਾਂਗ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਖੇਡਾਂ ਦੇ ਜੇਤੂਆਂ ’ਚੋਂ 10 ਮਾਤਾਵਾਂ ਨੂੰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਦੇ ਆਧਾਰ ’ਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸੈਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਮਾਂ ਹੀ ਪਹਿਲਾ ਸਕੂਲ ਹੁੰਦੀ ਹੈ। ਅੱਜ ਦੇ ਦਿਨ ਅਸੀਂ ਬੱਚਿਆਂ ਨੂੰ ਇਹ ਸਿਖਾਉਣਾ ਚਾਹੁੰਦੇ ਹਾਂ ਕਿ ਮਾਂ ਦਾ ਸਤਿਕਾਰ ਸਿਰਫ਼ ਇਕ ਦਿਨ ਨਹੀਂ, ਸਗੋਂ ਹਰ ਦਿਨ ਕਰਨਾ ਚਾਹੀਦਾ ਹੈ। ਇਸ ਮੌਕੇ ਅਧਿਆਪਕਾ ਰਮਨ ਸ਼ਰਮਾ ਨੇ ਸਾਰੇ ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ । ਸਮਾਗਮ ਦੇ ਅੰਤ ਵਿਚ ਸਾਰੇ ਵਿਦਿਆਰਥੀਆਂ ਨੇ ਆਪਣੀ ਮਾਂ ਨੂੰ ਗਲੇ ਲਗਾ ਕੇ ਧੰਨਵਾਦ ਕੀਤਾ ਅਤੇ ਮਾਂ ਲਈ ਤਿਆਰ ਕੀਤੇ ਕਾਰਡ ਭੇਟ ਕੀਤੇ।