ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 8 ਸਾਲਾ ਬੱਚੀ ਦੀ ਮੌਤ

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਇੱਥੋਂ ਨੇੜਲੇ ਪਿੰਡ ਲੰਬੀ ਢਾਬ ’ਚ ਅੱਜ ਉਸ ਵੇਲੇ ਮਾਤਮ ਛਾ ਗਿਆ, ਜਦੋਂ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੀ ਚਪੇਟ ’ਚ ਆਉਣ ਕਾਰਨ ਇੱਕ 8 ਸਾਲਾ ਮਾਸੂਮ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਬਿਜਲੀ ਵਿਭਾਗ (ਪਾਵਰਕਾਮ) ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮ੍ਰਿਤਕ ਬੱਚੀ ਦੀ ਪਛਾਣ 8 ਸਾਲਾ ਏਕਮਦੀਪ ਪੱਤਰੀ ਗੁਰਪਿੰਦਰ ਸਿੰਘ ਵਾਸੀ ਪਿੰਡ ਸਦਰਵਾਲਾ ਵਜੋਂ ਹੋਈ ਹੈ ਜੋਕਿ ਆਪਣੇ ਪਿਤਾ ਦੇ ਨਾਲ ਉਸਾਰੀ ਅਧੀਨ ਦੁਕਾਨ ’ਤੇ ਪਿੰਡ ਲੰਬੀ ਢਾਬ ਆਈ ਸੀ। ਇਸ ਦੌਰਾਨ ਬੱਚੀ ਖੇਡਦੀ ਹੋਈ ਦੁਕਾਨ ਦੀ ਛੱਤ ’ਤੇ ਚੜ੍ਹ ਗਈ, ਜਿੱਥੋਂ ਗੁਜ਼ਰ ਰਹੀਆਂ ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੀ ਦੇਹ ਕਾਫੀ ਸਮੇਂ ਤੱਕ ਤਾਰਾਂ ਉੱਪਰ ਹੀ ਪਈ ਰਹੀ। ਬੱਚੀ ਦੇ ਦਾਦਾ ਨਿਹਾਲ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ 'ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਪਰਿਵਾਰ ਅਨੁਸਾਰ ਘਰ ਦੀ ਉਸਾਰੀ ਕਾਰਨ ਉਨ੍ਹਾਂ ਨੇ ਤਾਰਾਂ ਤੇ ਪਲਾਸਟਿਕ ਦੀਆਂ ਪਾਈਪਾਂ ਚੜ੍ਹਾ ਕੇ ਬਾਂਸ ਦੀ ਮੱਦਦ ਨਾਲ ਤਾਰਾਂ ਨੂੰ ਉੱਚਾ ਕੀਤਾ ਹੋਇਆ ਸੀ। ਪਰ ਬੀਤੇ ਦਿਨ ਬਿਜਲੀ ਮੁਲਾਜ਼ਮਾਂ ਨੇ ਉਹ ਬਾਂਸ ਹਟਾ ਦਿੱਤੇ ਅਤੇ ਤਾਰਾਂ ਨੂੰ ਨੀਵਾਂ ਕਰ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸਤੋਂ ਪਹਿਲਾਂ ਵੀ ਇੱਕ ਨੌਜਵਾਨ ਇਨ੍ਹਾਂ ਤਾਰਾਂ ਦੀ ਲਪੇਟ ਵਿੱਚ ਆਇਆ ਸੀ, ਪਰ ਉਸ ਦੀ ਜਾਨ ਬਚ ਗਈ ਸੀ। ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਵਿਭਾਗ ਨੇ ਤਾਰਾਂ ਨੂੰ ਪਾਸੇ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ, ਪਰ ਪਾਵਰਕਾਮ ਦੇ ਮੁਲਾਜ਼ਮ ਕਥਿਤ ਤੌਰ 'ਤੇ ਤਿੰਨ ਘੰਟੇ ਦੇਰੀ ਨਾਲ ਪਹੁੰਚੇ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਅਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਉਹ ਬੱਚੀ ਦੀ ਲਾਸ਼ ਨੂੰ ਨਹੀਂ ਚੁੱਕਣਗੇ।
ਓਧਰ ਦੂਜੇ ਪਾਸੇ ਬਿਜਲੀ ਵਿਭਾਗ ਦੇ ਜੇਈ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਬਿਲਡਿੰਗ ਦੀ ਉਸਾਰੀ ਅਣ ਅਧਿਕਾਰਤ ਢੰਗ ਨਾਲ ਕੀਤੀ ਗਈ ਸੀ। ਪਰਿਵਾਰ ਨੂੰ ਕਈ ਵਾਰ ਅਸਟੀਮੇਟ ਬਣਵਾ ਕੇ ਤਾਰਾਂ ਬਾਹਰ ਕਢਵਾਉਣ ਲਈ ਕਿਹਾ ਗਿਆ ਸੀ। ਬਾਂਸ ਹਟਾਉਣ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਤਾਰਾਂ ਵਾਰ-ਵਾਰ 'ਟ੍ਰਿਪ' ਹੋ ਰਹੀਆਂ ਸਨ, ਜਿਸ ਕਾਰਨ ਬਾਂਸ ਹਟਾਉਣੇ ਪਏ।
ਓਧਰ ਥਾਣਾ ਸਦਰ ਮੁਕਤਸਰ ਦੇ ਇੰਚਾਰਜ਼ ਰਾਜਵੀਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਜਿਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਉਪਰੰਤ ਅਗਲੇਰੀ ਕਾਰਵਾੲਂ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਇਸ ਘਟਨਾ ਨਾਲ ਇਲਾਕੇ ਭਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।