ਸਿਲਵਰ ਓਕਸ ਸਕੂਲ ਵਿਖੇ 7-ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਲਗਾਈ
ਸਿਲਵਰ ਓਕਸ ਸਕੂਲ ਗਿੱਦੜਬਾਹਾ ਵਿਖੇ 7-ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ
Publish Date: Mon, 04 May 2026 04:53 PM (IST)
Updated Date: Mon, 04 May 2026 04:53 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਿਲਵਰ ਓਕਸ ਸਕੂਲ, ਗਿੱਦੜਬਾਹਾ ਵਿਖੇ ਪ੍ਰਿੰਸੀਪਲ ਮਨਮਹਿਕ ਸਿੱਧੂ ਦੀ ਅਗਵਾਈ ’ਚ 7-ਰੋਜ਼ਾ ਅਧਿਆਪਕ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਇਸ ਵਰਕਸ਼ਾਪ ਦੌਰਾਨ ਗਿਆਨ ਮੰਥਨ ਐਜੂਕੇਸ਼ਨ ਸਰਵਿਸਿਜ਼ ਦੇ ਉੱਘੇ ਮਾਹਿਰ ਮਿਸ ਨੀਤੂ ਬਾਂਸਲ ਨੇ ਅਧਿਆਪਕਾਂ ਨੂੰ ਆਧੁਨਿਕ ਕਲਾਸਰੂਮ ਦੀਆਂ ਲੋੜਾਂ ਅਨੁਸਾਰ ਨਵੀਨਤਮ ਅਤੇ ਉੱਨਤ ਅਧਿਆਪਨ ਰਣਨੀਤੀਆਂ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਦੇ ਸੈਸ਼ਨਾਂ ’ਚ ਸਿਧਾਂਤਕ ਅਤੇ ਵਿਹਾਰਕ ਪੱਖਾਂ ਦਾ ਸੁਮੇਲ ਦੇਖਣ ਨੂੰ ਮਿਲਿਆ, ਜੋ ਅਧਿਆਪਕਾਂ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਇਆ। ਸੱਤ ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਕਈ ਅਹਿਮ ਵਿਸ਼ਿਆਂ ਤੇ ਚਰਚਾ ਕੀਤੀ ਗਈ, ਜਿਵੇਂ ਕਿ: ਕਲਾ ਏਕੀਕਰਣ, ਕਲਾਸਰੂਮ ਪ੍ਰਬੰਧਨ, ਮਾਈਕਰੋ-ਟੀਚਿੰਗ, ਟੀਮ ਬਿਲਡਿੰਗ, ਕੰਮ ਵਾਲੀ ਥਾਂ ਦੇ ਨੈਤਿਕ ਨਿਯਮ, ਅਧਿਆਪਨ ਰਣਨੀਤੀਆਂ, ਬਲੂਮਜ਼ ਟੈਕਸੋਨੋਮੀ, ਬਚਪਨ ਦੀ ਮੁੱਢਲੀ ਸਿੱਖਿਆ, ਲੈਸਨ ਪਲੈਨਿੰਗ, ਮਾਈਂਡਫੁੱਲ ਲਰਨਿੰਗ ਅਤੇ ਵਿਦਿਆਰਥੀ ਮਨੋਵਿਗਿਆਨ ਨੂੰ ਸਮਝਣਾ। ਵਰਕਸ਼ਾਪ ਦੇ ਅੰਤ ਵਿੱਚ ਅਧਿਆਪਕਾਂ ਨੇ ਆਪਣੇ ਵਿਚਾਰ ਅਤੇ ਤਜ਼ਰਬੇ ਸਾਂਝੇ ਕੀਤੇ। ਸਿਲਵਰ ਓਕਸ ਸਕੂਲ ਅਜਿਹੀਆਂ ਪਹਿਲਕਦਮੀਆਂ ਰਾਹੀਂ ਇਹ ਯਕੀਨੀ ਬਣਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਮਾਹਿਰ ਅਤੇ ਹਮਦਰਦ ਅਧਿਆਪਕਾਂ ਦੀ ਦੇਖ-ਰੇਖ ਵਿੱਚ ਮਿਆਰੀ ਸਿੱਖਿਆ ਮਿਲੇ। ਸਮਾਪਤੀ ਸੈਸ਼ਨ ਦੌਰਾਨ ਡਾਇਰੈਕਟਰ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਮਨਮਹਿਕ ਸਿੱਧੂ ਨੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਵਰਕਸ਼ਾਪ ਉਦੇਸ਼ ਅਧਿਆਪਕਾਂ ਨੂੰ ਆਧੁਨਿਕ ਕਲਾਸਰੂਮ ਦੀਆਂ ਲੋੜਾਂ ਅਨੁਸਾਰ ਨਵੀਨਤਮ ਅਤੇ ਉੱਨਤ ਅਧਿਆਪਨ ਰਣਨੀਤੀਆਂ ਨਾਲ ਲੈਸ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਵੀ ਹਾਜ਼ਰ ਸਨ।