ਫੇਸਬੁੱਕ ਲਿੰਕ ਰਾਹੀਂ ਆਯੁਰਵੈਦਿਕ ਇਲਾਜ ਦੇ ਨਾਮ ’ਤੇ 6.21 ਲੱਖ ਦੀ ਠੱਗੀ
ਫੇਸਬੁੱਕ ਲਿੰਕ ਰਾਹੀਂ ਆਯੁਰਵੈਦਿਕ ਇਲਾਜ ਦੇ ਨਾਮ ’ਤੇ 6.21 ਲੱਖ ਦੀ ਠੱਗੀ
Publish Date: Fri, 08 May 2026 07:20 PM (IST)
Updated Date: Fri, 08 May 2026 07:20 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸਾਈਬਰ ਠੱਗਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪਤੰਜਲੀ ਯੋਗਪੀਠ ਦੇ ਨਾਂ ਤੇ ਆਯੁਰਵੈਦਿਕ ਇਲਾਜ ਕਰਵਾਉਣ ਦਾ ਝਾਂਸਾ ਦੇ ਕੇ ਇੱਕ ਪਰਿਵਾਰ ਕੋਲੋਂ ਲੱਖਾਂ ਰੁਪਏ ਠੱਗਣ ਵਾਲੇ ਗਿਰੋਹ ਦੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਐਸਐਸਪੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸਪੀ (ਡੀ) ਮਨਮੀਤ ਸਿੰਘ ਢਿੱਲੋਂ, ਡੀਐਸਪੀ ਹਰਜੀਤ ਸਿੰਘ ਅਤੇ ਇੰਸਪੈਕਟਰ ਵਰੁਣ ਯਾਦਵ ਦੀ ਸਾਈਬਰ ਟੀਮ ਵੱਲੋਂ ਅਮਲ ’ਚ ਲਿਆਂਦੀ ਗਈ। ਸ਼ਿਕਾਇਤਕਰਤਾ ਦੀਪਿਕਾ ਕੁੱਬਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਫੇਸਬੁੱਕ ’ਤੇ ਪਤੰਜਲੀ ਦੇ ਨਾਂ ਤੇ ਇੱਕ ਲਿੰਕ ਦੇਖਿਆ ਸੀ, ਜਿਸ ਰਾਹੀਂ ਉਹ ਆਪਣੇ ਮਾਤਾ-ਪਿਤਾ ਦਾ ਇਲਾਜ ਕਰਵਾਉਣਾ ਚਾਹੁੰਦੀ ਸੀ। ਲਿੰਕ ’ਤੇ ਕਲਿੱਕ ਕਰਨ ਤੋਂ ਬਾਅਦ ਠੱਗਾਂ ਨੇ ਖ਼ੁਦ ਨੂੰ ਪਤੰਜਲੀ ਸੰਸਥਾ ਦੇ ਨੁਮਾਇੰਦੇ ਦੱਸ ਕੇ ਇਲਾਜ, ਰਿਹਾਇਸ਼, ਹੈਲਥ ਕਾਰਡ ਅਤੇ ਐਨਓਸੀ ਦੇ ਨਾਂ ਤੇ ਵੱਖ-ਵੱਖ ਕਿਸ਼ਤਾਂ ’ਚ ਕੁੱਲ 6,21,656/- ਰੁਪਏ ਆਪਣੇ ਬੈਂਕ ਖਾਤਿਆਂ ਅਤੇ ਯੂਪੀਆਈ ਰਾਹੀਂ ਜਮ੍ਹਾਂ ਕਰਵਾ ਲਏ। ਠੱਗੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਪਰਿਵਾਰ ਇਲਾਜ ਲਈ ਰਿਸ਼ੀਕੇਸ਼ ਪਹੁੰਚਿਆ। ਉੱਥੇ ਉਨ੍ਹਾਂ ਨੂੰ ਲੈਣ ਲਈ ਕੋਈ ਨਹੀਂ ਆਇਆ। ਜਦੋਂ ਪਰਿਵਾਰ ਨੇ ਪਤੰਜਲੀ ਯੋਗਪੀਠ ਹਰਿਦੁਆਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਈ ਸੀ ਅਤੇ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਸਾਈਬਰ ਸੈੱਲ ਨੇ ਟੈਕਨੀਕਲ ਜਾਂਚ ਅਤੇ ਇੰਟੈਲੀਜੈਂਸ ਇਨਪੁੱਟ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕੀਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਵੀ ਭੂਸ਼ਣ ਕੁਮਾਰ ਪੁੱਤਰ ਦਿਨੇਸ਼ ਕੁਮਾਰ ਗੁਪਤਾ, ਵਾਸੀ ਫਤੂਹਾ (ਜ਼ਿਲ੍ਹਾ ਪਟਨਾ, ਬਿਹਾਰ) ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਗਿਰੋਹ ਦੇ ਹੋਰ ਮੈਂਬਰਾਂ ਦਾ ਪਤਾ ਲਗਾਇਆ ਜਾ ਸਕੇ।