ਮੁਕਤਸਰ ’ਚ 576 ਉਮੀਦਵਾਰਾਂ ਨੇ ਦਿੱਤੀ ਨੀਟ ਦੀ ਪ੍ਰੀਖਿਆ
ਮੁਕਤਸਰ ’ਚ 576 ਉਮੀਦਵਾਰਾਂ ਨੇ ਦਿੱਤੀ ਨੀਟ (NEET) ਦੀ ਪ੍ਰੀਖਿਆ
Publish Date: Sun, 03 May 2026 05:23 PM (IST)
Updated Date: Mon, 04 May 2026 04:08 AM (IST)

ਸੈਂਟਰ ਦੇ ਬਾਹਰ ਰਹੀ ਪੁਲਿਸ ਦੀ ਸਖ਼ਤ ਸੁਰੱਖਿਆ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਭਾਰਤ ਸਰਕਾਰ ਵੱਲੋਂ ਐਤਵਾਰ ਨੂੰ ਨੀਟ (NEET) ਦੀ ਪ੍ਰੀਖਿਆ ਕਰਵਾਈ ਗਈ। ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਰੋਡ ਵਿਖੇ ਇਹ ਪ੍ਰੀਖਿਆ ਹੋਈ, ਜਿਸ ’ਚ 576 ਉਮੀਦਵਾਰਾਂ ਨੇ ਹਿੱਸਾ ਲਿਆ। ਇਹ ਪ੍ਰੀਖਿਆ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨੇਪਰੇ ਚੜ੍ਹੀ। ਪ੍ਰੀਖਿਆ ਦੇਣ ਆਏ ਉਮੀਦਵਾਰਾਂ ਦੀ ਸੈਂਟਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਬਾਰੀਕੀ ਨਾਲ ਤਲਾਸ਼ੀ ਲਈ ਗਈ ਤੇ ਹੋਰ ਪੜਤਾਲ ਤੋਂ ਬਾਅਦ ਹੀ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ। ਇਸ ਦੌਰਾਨ ਐੱਸਡੀਐੱਮ ਗੁਰਕਿਰਨਦੀਪ ਸਿੰਘ ਸਿੱਧੂ ਨੇ ਸੈਂਟਰ ਵਿਖੇ ਪਹੁੰਚ ਕੇ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਡੀਈਓ ਰਾਜਿੰਦਰ ਸੋਨੀ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਦਿਨ ਪਹਿਲਾਂ ਹੀ ਮੀਟਿੰਗ ਕਰਕੇ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਏਡੀਸੀ ਡੇਵੀ ਗੋਇਲ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰੀਖਿਆ ਨੂੰ ਲੈ ਕੇ ਤਿਆਰੀਆਂ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਸਨ। ਜਾਣਕਾਰੀ ਅਨੁਸਾਰ ਪ੍ਰੀਖਿਆ ਕੇਂਦਰ ’ਚ ਵਿਦਿਆਰਥੀਆਂ ਦੀ ਐਂਟਰੀ ਸਵੇਰੇ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਈ। ਇਹ ਪ੍ਰੀਖਿਆ ਸ਼ਾਮ 5 ਵਜੇ ਤੱਕ ਚੱਲੀ। ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ ਹੈ। ਸੈਂਟਰ ਦੇ ਬਾਹਰ ਪੁਲਿਸ ਦੀ ਸਖ਼ਤ ਸੁਰੱਖਿਆ ਰਹੀ। ਇਸ ਤੋਂ ਇਲਾਵਾ ਬੱਚਿਆਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਟ੍ਰੈਫਿਕ ਤੇ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਸ਼ਾਮ 5 ਵਜੇ ਪ੍ਰੀਖਿਆਰਥੀ ਸੈਂਟਰ ਤੋਂ ਬਾਹਰ ਨਿਕਲੇ।