ਨਿਸ਼ਕਾਮ ਸੇਵਾ ਸੰਮਤੀ (ਰਜਿ. 2003), ਕੋਟਕਪੂਰਾ ਵੱਲੋਂ 275ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਆਯੋਜਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਨਿਸ਼ਕਾਮ ਸੇਵਾ ਸੰਮਤੀ (ਰਜਿ. 2003), ਕੋਟਕਪੂਰਾ ਵੱਲੋਂ ਮਨੁੱਖਤਾ, ਦਇਆ ਅਤੇ ਨਿਸ਼ਕਾਮ ਸੇਵਾ ਦੀ ਆਪਣੀ ਲੰਬੇ ਸਮੇਂ ਤੋਂ ਚੱਲ ਰਹੀ ਪਰੰਪਰਾ ਨੂੰ ਜਾਰੀ ਰੱਖਦਿਆਂ 275ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਅਗਰਵਾਲ ਭਵਨ, ਕੋਟਕਪੂਰਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸੀਨੀਅਰ ਸਕੱਤਰ ਅਤੇ ਲੈਕਚਰਾਰ ਵਰਿੰਦਰ ਕਟਾਰੀਆ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਉਨ੍ਹਾਂ ਸੰਸਥਾ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਿਸ਼ਕਾਮ ਸੇਵਾ ਸੰਮਤੀ ਪਾਰਦਰਸ਼ਤਾ, ਜਵਾਬਦੇਹੀ ਅਤੇ ਨੈਤਿਕ ਮੁੱਲਾਂ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਹਰ ਲਾਭਪਾਤਰੀ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਦੀ ਪੂਰੀ ਜਾਂਚ ਤੋਂ ਬਾਅਦ ਹੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਜੋ ਮਦਦ ਸਿਰਫ਼ ਅਸਲ ਹੱਕਦਾਰ ਤੱਕ ਪਹੁੰਚੇ। ਸਮਾਰੋਹ ਦੇ ਮੁੱਖ ਮਹਿਮਾਨ ਦਰਸ਼ਨਾਂ ਦੇਵੀ ਬਾਂਸਲ ਪਤਨੀ ਚਮਨ ਲਾਲ ਬਾਂਸਲ, ਸਟਾਰ ਬਿਲਡਿੰਗ ਮਟੀਰੀਅਲਜ਼, ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਸੰਸਥਾ ਵੱਲੋਂ ਕੀਤੇ ਜਾ ਰਹੇ ਨਿਰੰਤਰ ਸੇਵਾ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਸਮਾਜ ਦੇ ਕਮਜ਼ੋਰ ਵਰਗ ਲਈ ਸਹਾਰਾ ਅਤੇ ਸਨਮਾਨ ਦੀ ਮਜ਼ਬੂਤ ਡੋਰ ਹੈ। ਇਸ ਮੌਕੇ ਉਨ੍ਹਾਂ ਵੱਲੋਂ 5100/-ਰੁਪਏ ਵੀ ਭੇਂਟ ਅਰਪਿਤ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨੋਜ ਦਿਵੇਦੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਿਸ਼ਕਾਮ ਸੇਵਾ ਸੰਮਤੀ ਦਾ ਉਦੇਸ਼ ਸਿਰਫ਼ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੇ ਜੀਵਨ ਵਿੱਚ ਆਸ, ਸਨਮਾਨ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਪਿਛਲੇ ਕਈ ਸਾਲਾਂ ਤੋਂ ਮਨੁੱਖਤਾ ਦੀ ਸੇਵਾ ਨੂੰ ਆਪਣਾ ਧਰਮ ਮੰਨਦਿਆਂ ਨਿਰੰਤਰ ਸਮਾਜਿਕ ਭਲਾਈ ਦੇ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਨਾਲ ਜੁੜੇ ਸਾਰੇ ਸੇਵਾਦਾਰ ਪੂਰੀ ਇਮਾਨਦਾਰੀ, ਨਿਮਰਤਾ ਅਤੇ ਨਿਸ਼ਕਾਮ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਇਹੀ ਸਮਰਪਣ ਅਤੇ ਸਾਂਝਾ ਸਹਿਯੋਗ ਸੰਸਥਾ ਦੀ ਅਸਲ ਤਾਕਤ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਦੇ ਲੋਕ ਮਿਲਜੁਲ ਕੇ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਂਦੇ ਹਨ, ਤਾਂ ਮਨੁੱਖਤਾ ਹੋਰ ਮਜ਼ਬੂਤ ਬਣਦੀ ਹੈ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਆਉਂਦਾ ਹੈ। ਵਕਤਾਵਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਕੀਤੀ ਜਾ ਰਹੀ ਇਹ ਨਿਰੰਤਰ ਸੇਵਾ ਸਮਾਜ ਵਿੱਚ ਦਇਆ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਲੋੜਵੰਦ ਮਹਿਲਾਵਾਂ ਨੂੰ ਇਜ਼ਤ ਅਤੇ ਸੁਰੱਖਿਆ ਨਾਲ ਸਹਾਇਤਾ ਪ੍ਰਦਾਨ ਕਰਨਾ ਇੱਕ ਵੱਡੀ ਸਮਾਜਿਕ ਜ਼ਿੰਮੇਵਾਰੀ ਹੈ, ਜਿਸਨੂੰ ਸੰਸਥਾ ਪੂਰੀ ਨਿਸ਼ਟਾ ਅਤੇ ਸੰਵੇਦਨਸ਼ੀਲਤਾ ਨਾਲ ਨਿਭਾ ਰਹੀ ਹੈ। ਸਮਾਰੋਹ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਵੱਲੋਂ ਰਾਸ਼ਨ ਨਾਲ ਭਰੀਆਂ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਵੱਖ-ਵੱਖ ਇਲਾਕਿਆਂ ਵੱਲ ਰਵਾਨਾ ਕੀਤਾ ਗਿਆ। ਇਸ ਮੌਕੇ ਸੋਮਨਾਥ ਗਰਗ, ਰਾਜਿੰਦਰ ਕੁਮਾਰ, ਬਿਲਵਾ ਮੰਗਲ, ਕ੍ਰਿਸ਼ਨ ਮੁਨੀਮ, ਵਰਿੰਦਰ ਕਟਾਰੀਆ, ਕੁਲਦੀਪ ਖੁਰਾਣਾ, ਡਾ. ਸੁਰਿੰਦਰ ਗਾਲ੍ਹੋਤਰਾ, ਓਮ ਪ੍ਰਕਾਸ਼ ਗੁਪਤਾ, ਸੰਜੀਵ ਢੀਂਗਰਾ, ਸੰਦੀਪ ਸਚਦੇਵਾ, ਕੁਲਭੂਸ਼ਨ ਕੌੜਾ, ਲਲਿਤ ਬਜਾਜ, ਹਨੀ ਸਟੂਡੀਓ, ਜਸਵਿੰਦਰ ਸਿੰਘ, ਮੁਕੇਸ਼ ਜਿੰਦਲ, ਰੋਹਿਤ ਸ਼ਰਮਾ ਆਦਿ ਹਾਜਰ ਸਨ।