ਕਪੂਰੇ ਦੇ ਸ਼ਹੀਦ ਅਵਤਾਰ ਸਿੰਘ ਦਾ 25ਵਾਂ ਸ਼ਹਾਦਤ ਦਿਵਸ ਮਨਾਇਆ
ਸ਼ਹੀਦ ਹੌਲਦਾਰ ਅਵਤਾਰ ਸਿੰਘ
Publish Date: Wed, 27 May 2026 03:46 PM (IST)
Updated Date: Thu, 28 May 2026 04:01 AM (IST)

ਸਿਆਸੀ ਆਗੂਆਂ ਤੇ ਸਾਬਕਾਂ ਸੈਨਿਕਾਂ ਵੱਲੋਂ ਸ਼ਰਧਾਂਜਲੀਆਂ ਭੇਟ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਸ਼ਹੀਦ ਹੌਲਦਾਰ ਅਵਤਾਰ ਸਿੰਘ ਜੋ ਕਿ 25 ਮਈ 2001 ਨੂੰ ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ’ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ, ਉਨ੍ਹਾਂ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ 25ਵਾਂ ਸ਼ਹਾਦਤ ਦਿਵਸ ਨਗਰ ਨਿਵਾਸੀਆਂ, ਸਾਬਕਾ ਸੈਨਿਕਾਂ, ਸਕੂਲ ਦੇ ਅਧਿਆਪਕਾਂ ਅਤੇ ਕਲੱਬ ਦੇ ਸਹਿਯੋਗ ਨਾਲ ਸ਼ਰਧਾ ਅਤੇ ਸਨਮਾਨ ਨਾਲ ਕਰਵਾਇਆ ਗਿਆ। ਇਸ ਮੌਕੇ ’ਤੇ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਰਸਭਿੰਨਾ ਕੀਰਤਨ ਬਾਬਾ ਬਲਦੇਵ ਸਿੰਘ ਅਤੇ ਬਾਬਾ ਮਨਦੀਪ ਸਿੰਘ ਵੱਲੋਂ ਕੀਤਾ ਗਿਆ, ਜਿਸ ਨਾਲ ਸਾਰੇ ਮਾਹੌਲ ਨੂੰ ਆਤਮਿਕ ਰੰਗ ਨਾਲ ਭਰ ਦਿੱਤਾ ਗਿਆ। ਇਸ ਮੌਕੇ ਸਟੇਜ ਦਾ ਸੰਚਾਲਨ ਮਾ. ਬੂਟਾ ਸਿੰਘ ਅਤੇ ਗਿਆਨੀ ਮੋਹਨ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਭਾਜਪਾ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣਾ ਸਿਰਫ਼ ਪਰਿਵਾਰ ਹੀ ਨਹੀਂ, ਸਾਰੇ ਸਮਾਜ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਅਵਤਾਰ ਸਿੰਘ ਦੀ ਕੁਰਬਾਨੀ ਨੌਜਵਾਨ ਪੀੜ੍ਹੀ ਲਈ ਇਕ ਵੱਡਾ ਪ੍ਰੇਰਣਾ ਸਰੋਤ ਹੈ ਅਤੇ ਸਾਨੂੰ ਦੇਸ਼ ਭਗਤੀ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। ਇਸ ਉਪਰੰਤ ਸੀਆਰਪੀਐੱਫ਼ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਕੰਡੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਹੀਦ ਕਹਾਉਣਾ ਜਿੰਨਾਂ ਸੌਖਾ ਲੱਗਦਾ ਹੈ, ਅਸਲ ਵਿਚ ਇਹ ਰਾਹ ਉਨ੍ਹਾਂ ਹੀ ਕਠਿਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਾਅਦ ਵਿੱਚ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜਿਨ੍ਹਾਂ ਦੇ ਦਿਲ ਵਿੱਚ ਦੇਸ਼ ਲਈ ਕੁਝ ਕਰਨ ਦੀ ਲਗਨ ਹੁੰਦੀ ਹੈ, ਉਹ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ ਅਤੇ ਦੇਸ਼ ਸੇਵਾ ਨੂੰ ਸਭ ਤੋਂ ਉੱਚਾ ਮੰਨਦੇ ਹਨ। ਇਸ ਮੌਕੇ ’ਤੇ ਨਿਧੜਕ ਸਿੰਘ ਬਰਾੜ, ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਮਨਜੀਤ ਸਿੰਘ ਕੁੱਸਾ, ਗੁਰਮੀਤ ਸਿੰਘ ਕੋਕਰੀ, ਸੁੱਚਾ ਸਿੰਘ, ਸੀਆਰਪੀਐੱਫ਼ ਗਰੁੱਪ ਸੈਂਟਰ ਜਲੰਧਰ ਤੋਂ ਗੁਰਦੇਵ ਸਿੰਘ, ਜਿਲ੍ਹਾ ਪ੍ਰਸ਼ਾਸਨ ਤੋਂ ਇਕਬਾਲ ਸਿੰਘ ਨਾਇਬ ਤਹਿਸੀਲਦਾਰ ਮੋਗਾ, ਰੀਡਰ ਰਮਨ ਗਰਗ, ਮੁਖਤਿਆਰ ਸਿੰਘ ਰਿਟਾਇਰਡ ਐੱਸਪੀ, ਸਮਸ਼ੇਰ ਸਿੰਘ ਕੈਲਾ, ਕੁਲਵਿੰਦਰ ਕੌਰ ਬਲਾਕ ਸੰਮਤੀ ਮੈਂਬਰ, ਰਾਜਵਿੰਦਰ ਸਿੰਘ ਰਾਜ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਨਿੱਜਰ, ਅਮਰਜੀਤ ਸਿੰਘ, ਸਾਬਕਾ ਸਰਪੰਚ ਇਕਬਾਲ ਸਿੰਘ ਮਾਂਗਟ, ਜਸਵਿੰਦਰ ਸਿੰਘ ਖੋਟੇ, ਲਖਵੰਤ ਸਿੰਘ ਸਾਫੂਵਾਲਾ, ਕਰਮਜੀਤ ਸਿੰਘ, ਪਰਮਜੀਤ ਕੌਰ, ਬਾਬਾ ਸਤਨਾਮ ਸਿੰਘ ਮਸਕੀਨ, ਗੁਰਪ੍ਰੀਤ ਸਿੰਘ ਸੰਧੂ, ਰਾਜਦੀਪ ਸਿੰਘ, ਜਸਮੇਲ ਸਿੰਘ ਆਦਿ ਹਾਜ਼ਰ ਸਨ। ਅੰਤ ਵਿਚ ਪਰਿਵਾਰ ਨੇ ਇਸ ਸਮਾਗਮ ਵਿੱਚ ਸਹਿਯੋਗ ਦੇਣ ਲਈ ਗ੍ਰਾਂਮ ਪੰਚਾਇਤ ਕਪੂਰੇ, ਅਮਰ ਸਿੰਘ ਵੈਲਫੇਅਰ ਕਲੱਬ, ਸ਼ਹੀਦ ਅਵਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਅਧਿਆਪਕਾਂ, ਸਾਬਕਾ ਸੈਨਿਕਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ।