ਸਟਰਾਂਗ ਰੂਮ ’ਚ 24 ਘੰਟੇ ਸਖ਼ਤ ਪਹਿਰਾ, ਭਲ਼ਕੇ ਖੁੱਲ੍ਹੇਗਾ ਕਿਸਮਤ ਦਾ ਪਿਟਾਰਾ
ਸਟਰਾਂਗ ਰੂਮ ’ਚ 24 ਘੰਟੇ ਸਖ਼ਤ ਪਹਿਰਾ, 29 ਮਈ ਨੂੰ ਖੁੱਲ੍ਹੇਗਾ ਕਿਸਮਤ ਦਾ ਪਿਟਾਰਾ
Publish Date: Wed, 27 May 2026 06:26 PM (IST)
Updated Date: Wed, 27 May 2026 06:28 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਚੋਣਾਂ ਦੀਆਂ ਵੋਟਾਂ ਪੈਣ ਤੋਂ ਬਾਅਦ ਜ਼ਿਲ੍ਹੇ ਦੀਆਂ ਵੋਟ ਬਕਸਿਆਂ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਮਤਦਾਨ ਤੋਂ ਬਾਅਦ ਸਾਰੇ ਵੋਟ ਬਕਸਿਆਂ ਨੂੰ ਸਰਕਾਰੀ ਕਾਲਜ ਵਿੱਚ ਬਣੇ ਸਟਰਾਂਗ ਰੂਮ ਵਿੱਚ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ। ਪ੍ਰਸ਼ਾਸਨ ਨੇ ਪੂਰੇ ਕਾਲਜ ਕੰਪਲੈਕਸ ਨੂੰ ਸੀਲ ਕਰ ਦਿੱਤਾ ਹੈ। ਸੁਰੱਖਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਕਾਲਜ ਦੇ ਪ੍ਰਵੇਸ਼ ਦੁਆਰ (ਮੁੱਖ ਗੇਟ) ਤੋਂ ਲੈ ਕੇ ਚਾਰੋਂ ਪਾਸੇ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਸੀਸੀਟੀਵੀ (CCTV) ਕੈਮਰਿਆਂ ਰਾਹੀਂ ਵੀ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਨੂੰ ਸਟਰਾਂਗ ਰੂਮ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੈ। ਜ਼ਿਕਰਯੋਗ ਹੈ ਕਿ ਮੁਕਤਸਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਨਗਰ ਕੌਂਸਲ ਚੋਣਾਂ ਲਈ ਵੋਟਾਂ ਪਈਆਂ ਸਨ। ਜ਼ਿਲ੍ਹੇ ਦੀਆਂ ਤਿੰਨੋਂ ਨਗਰ ਕੌਂਸਲਾਂ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਲਈ ਕੁੱਲ 187 ਬੂਥ ਬਣਾਏ ਗਏ ਸਨ। ਇਹਨਾਂ ਵਿੱਚੋਂ ਮੁਕਤਸਰ ਵਿੱਚ ਸਭ ਤੋਂ ਵੱਧ 87 ਬੂਥ, ਮਲੋਟ ਵਿੱਚ 61 ਅਤੇ ਗਿੱਦੜਬਾਹਾ ਵਿੱਚ 41 ਬੂਥਾਂ ’ਤੇ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਜ਼ਿਲ੍ਹੇ ਦੇ ਕੁੱਲ 1 ਲੱਖ 77 ਹਜ਼ਾਰ 586 ਸ਼ਹਿਰੀ ਵੋਟਰਾਂ ਵਿੱਚੋਂ 1 ਲੱਖ 18 ਹਜ਼ਾਰ 769 ਵੋਟਰਾਂ ਨੇ ਵੋਟ ਪਾਈ। ਕੁੱਲ ਮਤਦਾਨ 66.89 ਪ੍ਰਤੀਸ਼ਤ ਹੋਇਆ ਹੈ। ਹੁਣ 29 ਮਈ ਨੂੰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਅਨੁਸਾਰ ਵੋਟਾਂ ਦੀ ਗਿਣਤੀ 29 ਮਈ ਨੂੰ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ। ਇਸ ਦੇ ਲਈ ਵੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ ਵਾਲੀ ਥਾਂ ’ਤੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਰਹਿਣਗੇ। ਸਿਰਫ਼ ਅਧਿਕਾਰਤ ਅਧਿਕਾਰੀਆਂ, ਕਰਮਚਾਰੀਆਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਨੂੰ ਹੀ ਪਾਸ ਦੇ ਨਾਲ ਅੰਦਰ ਜਾਣ ਦੀ ਇਜਾਜ਼ਤ ਮਿਲੇਗੀ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਨਿਰਪੱਖ ਅਤੇ ਪਾਰਦਰਸ਼ੀ ਵੋਟਾਂ ਦੀ ਗਿਣਤੀ ਲਈ ਹਰ ਪੱਧਰ ’ਤੇ ਇੰਤਜ਼ਾਮ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਤਿੰਨੋਂ ਨਗਰ ਕੌਂਸਲਾਂ ’ਚ ਕਿਸ ਪਾਰਟੀ ਦਾ ਬੋਰਡ ਬਣੇਗਾ। ਫਿਲਹਾਲ ਸਾਰੇ ਉਮੀਦਵਾਰਾਂ ਦੀਆਂ ਨਜ਼ਰਾਂ 29 ਮਈ ਦੇ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ।